Sikh Missionary Society
Sikh Missionary Society U.K. (Regd.)
10, Featherstone Road. Southall, Middx, U.K. UB2 5AA
Tel: +44 020 8574 1902
Fax: +44 020 8574 1912
Email: info@sikhmissionarysociety.org
Reg. Charity No: 262404
 
Sikh Missionary Society Library
 
Sikh Missionary Society (U.K.)
:: Home
:: Resource Centre
:: Articles
:: Publications
:: Sikhism
:: Youth Camp
:: Press Pack
:: Membership
:: Donations
:: Hall Hire Services
:: Links
:: Contact Us/Enquiries

Sikh Missionary Society Publications


 
Tell A Friend
If you like our website then why not let a friend know about the site.

 
Join Our Mailing List
Join our Mailing List for events, updates and news.

 
S. M. S. Membership
Become a Member of the Sikh Missionary Society

 
S.M.S Opening Hours
Email us your enquiries or drop in during these hours:

Monday, Tuesday, Thursday, Saturday
10.30 AM to 6.30 PM

Wednesday and Friday
10.30 AM to 7.30 PM

Sundays
2.00 PM to 6.30 PM

Directions and Map

Shaheed Banda Singh Bahadur
Sikh Missionary Society: Articles: Sikh Martyrs: Shaheed Banda Singh Bahadur (Panjabi)
Baba Banda Singh Bahadur
ਬੰਦਾ ਸਿੰਘ ਬਹਾਦਰ
(ਗੁਰਿੰਦਰ ਸਿੰਘ ਸਾਚਾ)

ਬੰਦਾ ਸਿੰਘ ਬਹਾਦਰ ੩੮ ਸਾਲ ਦੀ ਉਮਰੇ ਸਿੱਖ ਧਰਮ ਵਿੱਚ ਪ੍ਰਵੇਸ਼ ਕਰਦਾ ਹੈ।  ਗੁਰੂ ਪ੍ਰਵਾਰ ਨਾਲ ਹੋਏ ਅਤਿਆਚਾਰ ਦਾ ਬਦਲਾ ਲੈਣ ਲਈ ਉਹ ਇੱਕ ਵੀਰ-ਵਰੋਲਾ ਬਣ ਕੇ ਪੰਜਾਬ ਵਿੱਚ ਦਾਖਲ ਹੁੰਦਾ ਹੈ । ਪੰਜਾਬ ਪਹੁੰਚ ਕੇ ਹੋਰ ਵੀ ਸ਼ਕਤੀ ਸ਼ਾਲੀ  ਤੇ ਭਿਆਨਕ ਰੂਪ ਧਾਰਨ ਕਰਦੇ ਹੋਏ  ਇਹ ਵੀਰ-ਵਰੋਲਾ ਸੂਬਾ ਸਰਹਿੰਦ ਨੂੰ ਤਹਿਸ ਨਹਿਸ ਕਰਦਾ ਅਤੇ ਮੁਗਲ ਸਲਤਨਤ ਦੇ ਸਦੀਆਂ ਪੁਰਾਣੇ ਬਿਰਛ ਨੂੰ ਜੜ੍ਹੋਂ ਹਿਲਾਉਂਦਾ ਹੋਇਆ ਛੇਤੀ ਹੀ ਅਲੋਪ ਹੋ ਜਾਂਦਾ ਹੈ।

ਬੰਦਾ ਸਿੰਘ ਬਹਾਦਰ ਬਾਰੇ ਇਸ ਲੇਖ ਵਿੱਚ ਕਿਸੇ ਭਾਵਿਕਤਾ ਜਾਂ ਸ਼ਰਧਾ ਤੋਂ ਬਿਨਾਂ, ਕੇਵਲ ਖੋਜ ਸਾਹਿਤ ਸੱਚ ਤੱਥ ਨੂੰ ਹੀ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ । ਬੰਦਾ ਬਹਾਦਰ ਕੌਣ ਸੀ ? ਉਹ ਬੈਰਾਗੀ ਅਤੇ ਫਿਰ ਬਹਾਦਰ ਕਿਵੇਂ ਬਣਿਆ ? ਉਸਦਾ ਜੀਵਨ ਮਨੋਰਥ ਕੀ ਸੀ ? ਸਿੱਖ ਇਤਿਹਾਸ ਵਿੱਚ ਉਸਦਾ ਯੋਗਦਾਨ ਕੀ ਹੈ ? ਉਸਦੀਆਂ ਸਫਲਤਾਵਾਂ ਅਤੇ ਅਸਫਲਤਾਵਾਂ ਦੀ ਕਹਾਣੀ ਕੀ ਹੈ ? ਇਸ ਤਰ੍ਹਾਂ ਦੇ ਸਵਾਲਾਂ ਦੇ ਜਵਾਬ ਇਸ ਲੇਖ ਵਿਚੋਂ ਲੱਭੇ ਜਾ ਸਕਦੇ ਹਨ ।

ਬਾਬਾ ਬੰਦਾ ਸਿੰਘ ਦਾ ਜਨਮ ੨ ਅਕਤੂਬਰ ੧੬੭੦ ਵਿੱਚ ਕਸ਼ਮੀਰ ਦੇ ਪੁਣਛ ਇਲਾਕੇ ਦੇ ਇੱਕ ਪਿੰਡ ਰਾਜੌੜੀ ਵਿਖੇ ਇੱਕ ਚੰਗੇ ਖਾਂਦੇ ਪੀਂਦੇ ਰਾਜਪੂਤ ਪ੍ਰਵਾਰ ਵਿੱਚ ਹੋਇਆ ਸੀ। ਮਾਪਿਆਂ ਨੇ ਉਸਦਾ ਨਾਮ ਲਛਮਣ ਦਾਸ ਰੱਖਿਆ ਤੇ ਉਸਦੀ ਪਰਵ੍ਰਿਸ਼ ਰਾਜਪੂਤੀ ਢੰਗ ਨਾਲ ਹੋਈ, ਜਿਸ ਵਿੱਚ ਕੁਝ ਮੁੱਢਲੀ ਲਿਖਾਈ ਪੜ੍ਹਾਈ ਦੇ ਨਾਲ ਕੁਸ਼ਤੀ, ਤਲਵਾਰ, ਤੀਰ ਕਮਾਨ ਆਦਿ ਸ਼ਸ਼ਤਰ ਤੇ ਘੋੜ ਸਵਾਰੀ ਵੀ ਸ਼ਾਮਿਲ ਸਨ। ਰਾਜਪੂਤ ਬਰਾਦਰੀ ਵਿੱਚ ਹੋਰ ਸਾਥੀਆਂ ਸਹਿਤ ਉਸਨੂੰ ਸ਼ਿਕਾਰ ਖੇਡਣ ਦਾ ਵੀ ਕਾਫੀ ਸ਼ੌਕ ਸੀ ਅਤੇ ਇਹ ਸ਼ੌਕ ਪੂਰਾ ਕਰਦੇ ਸਮੇਂ ਹੀ ੧੪,੧੫ ਸਾਲ ਦੀ ਉਮਰ ਵਿੱਚ ਇੱਕ ਘਟਨਾ ਨੇ ਉਸਦੇ ਜੀਵਨ ਵਿੱਚ ਇੱਕ ਨਵਾਂ ਮੋੜ ਲੈ ਆਂਦਾ। ਇਸ ਘਟਨਾ ਵਿੱਚ ਇੱਕ ਸ਼ਿਕਾਰ ਕੀਤੀ ਹਰਨੀ ਦੇ ਪੇਟ ਵਿੱਚੋਂ ਦੋ ਬੱਚੇ ਤੜਫਦੇ ਮਰਦੇ ਵੇਖ ਕੇ ਉਸਦਾ ਹਿਰਦਾ ਕੰਬ ਉਠਿਆ।

ਉਪਰੰਤ, ਉਸਨੇ ਸ਼ਿਕਾਰ ਖੇਡਣਾ ਬੰਦ ਕਰ ਦਿੱਤਾ ਅਤੇ ਗੁੰਮ ਸੁੰੰਮ ਰਹਿਣ ਲੱਗਾ। ਕੁੱਝ ਸਮੇਂ ਪਿਛੋਂ ਲਛਮਣ ਦਾਸ ਉਸ ਇਲਾਕੇ ਵਿੱਚ ਦੀ ਲੰਘ ਰਹੇ ਇੱਕ ਸਾਧੂ ਜਾਨਕੀ ਪ੍ਰਸਾਦ ਦੀ ਸੰਗਤ ਵਿੱਚ ਆ ਗਿਆ,ਅਤੇ ਉਹ ਉਸ ਸਾਧੂ ਨਾਲ ਹੀ ਉਸਦੇ ਡੇਰੇ ਵਿੱਚ ਲਾਹੌਰ ਚਲਿਆ ਗਿਆ। ਮਾਪਿਆਂ ਵਲੋਂ ਕੀਤੀ ਜਾਣ ਵਾਲੀ ਭਾਲ ਨੂੰ ਭੁਲੇਖਾ ਦੇਣ ਲਈ ਜਾਨਕੀ ਪ੍ਰਸਾਦ ਨੇ ਉਸ ਦਾ ਨਾਮ ਲਛਮਣ ਦਾਸ ਤੋਂ ਬਦਲ ਕੇ ਮਾਧੋ ਦਾਸ ਰੱਖ ਦਿੱਤਾ। ਪ੍ਰੰਤੂ ਕੁਝ ਚਿਰ ਪਿਛੋਂ ਲਾਹੌਰ ਵਾਲੇ ਡੇਰੇ ਤੋਂ ਵੀ ਨਿਰਾਸ਼ ਤੇ ਉਚਾਟ ਹੋਇਆ ਮਾਧੋ ਦਾਸ ਕਸੂਰ ਦੇ ਨੇੜੇ ਇੱਕ ਪਿੰਡ ਵਿੱਚ ਵਿਸਾਖੀ ਦੇ ਮੇਲੇ ਤੇ ਇੱਕ ਹੋਰ ਸਾਧੂ ਰਾਮਦਾਸ ਨੂੰ ਮਿਲਿਆ ਤੇ ਉਸਦੇ ਨਾਲ ਹੀ ਦੱਖਣ ਵੱਲ ਦੀ ਯਾਤਰਾ ਤੇ ਤੁਰ ਪਿਆ। ਹੁਣ ਲਛਮਣ ਦਾਸ ਉਰਫ ਮਾਧੋ ਦਾਸ ਦੀ ਉਮਰ ਲੱਗ ਭੱਗ ੧੮ ਸਾਲਾਂ ਦੀ ਸੀ। ਪ੍ਰੰਤੂ ਜਦੋਂ ਰਾਮਦਾਸ ਦੀ ਸੰਗਤ ਵਿੱਚ ਵੀ ਉਸਦੇ ਮਨ ਨੂੰ ਕੋਈ ਤਸੱਲੀ ਨਾ ਮਿਲ ਸਕੀ ਤਾਂ ਖੁਦ ਆਪ ਹੀ ਕੁਝ ਹਿੰਦੂ ਤੀਰਥਾਂ ਤੇ ਜਾਣਾ ਸ਼ੁਰੂ ਕਰ ਦਿੱਤਾ। ਇਸ ਸਮੇਂ ਉਹ ਇੱਕ ਹੋਰ ਯੋਗੀ ਬਾਬਾ ਲੂਣੀਆਂ ਅਖਵਾਉਂਦੇ ਤਾਂਤਰਿਕ 'ਔਘੜਨਾਥ' ਦੇ ਸੰਪਰਕ ਵਿੱਚ ਆਇਆ ,ਜੋ ਨਾਸਕ ਸ਼ਹਿਰ ਦੇ ਨੇੜੇ ਪੰਚਬਟੀ ਵਿੱਚ ਰਹਿੰਦਾ ਸੀ। ਢਾਈ ਤਿੰਨ ਸਾਲ ਪੰਚਬਟੀ ਤਾਂਤਰਿਕ ਸੰਗਤ ਵਿੱਚ ਰਹਿਣ ਉਪਰੰਤ ਮਾਧੋ ਦਾਸ ਆਪਣੀ ਨਿੱਜਤਾ ਅਤੇ ਹੋਂਦ ਦੀ ਹੋਰ ਭਾਲ ਪਰਖ ਲਈ ਫਿਰ ਉਥੋਂ ਨਿਕਲ ਪਿਆ। ਉਹ ਉੱਤਰ ਤੇ ਦੱਖਣ ਵਲ ਦੇ ਹਿੰਦੂ ਤੀਰਥਾਂ ਦੇ ਚੱਕਰ ਮਾਰਨ ਲੱਗਾ। ਆਪਣੇ ਭਟਕਦੇ ਮਨ ਨੂੰ ਤਸੱਲੀ ਦੇਣ ਲਈ ਉਹ ਆਪਣੇ ਆਪ ਨੂੰ ਬੈਰਾਗੀ ਦੱਸਣ ਲੱਗਾ।

ਖਾਲਸਾ ਪੰਥ ਦੀ ਸਾਜਨਾ ਤੋਂ ਲੱਗ ਭੱਗ ੪ ਸਾਲ ਪਹਿਲਾਂ, ਫਰਵਰੀ ੧੬੯੫ ਵਿੱਚ ਜਦੋਂ ਮਾਧੋ ਦਾਸ ਹਰਦੁਆਰ ਵਲ ਆਇਆ ਹੋਇਆ ਸੀ, ਤਦ ਸਬੱਬ ਨਾਲ ਗੁਰੁ ਗੋਬਿੰਦ ਸਿੰਘ ਜੀ ਵੀ ਪ੍ਰਚਾਰ ਹਿੱਤ ਖੁਰਵੱਧੀ (ਡੇਰਾਦੂਨ) ਹਰਦੁਆਰ ਤੇ ਕਨੱਖਲ ਵੱਲ ਗਏ ਹੋਏ ਸੀ। ਕੁਝ ਇਤਿਹਾਸਕਾਰ ਇਸ ਸਮੇਂ  ਮਾਧੋ ਦਾਸ ਬੈਰਾਗੀ ਦੀ ਗੁਰੂ ਜੀ ਨਾਲ ਹੋਈ ਛੋਟੀ ਜਹੀ ਮੁਲਾਕਾਤ ਦਾ ਜ਼ਿਕਰ ਵੀ ਕਰਦੇ ਹਨ । ਪੰ੍ਰਤੂ ਇਸ ਬਾਰੇ ਕੋਈ ਸੰਦੇਹ ਨਹੀਂ ਕਿ ਮਾਧੋ ਦਾਸ ਨੇ ਆਪਣਾ ਕਸ਼ਮੀਰੀ ਪ੍ਰਵਾਰਿਕ ਪਿਛੋਕੜ ਹੋਣ ਕਰਕੇ, ਸ਼ਹੀਦ ਹੋ ਚੁੱਕੇ ਗੁਰੂ ਤੇਗ ਬਹਾਦਰ ਜੀ ਬਾਰੇ ਜ਼ਰੂਰ ਸੁਣਿਆ ਹੋਵੇਗਾ, ਤੇ ਉਨ੍ਹਾਂ ਤੋਂ ਪਿਛੋਂ ਗੁਰੂ ਗੋਬਿੰਦ ਸਿੰਘ ਜੀ ਦੀਆਂ ਪੌਟਾ ਸਾਹਿਬ ਅਤੇ ਅਨੰਦ ਪੁਰ ਵਾਲੀਆਂ ਗਤੀ ਵਿਧੀਆਂ ਬਾਰੇ ਵੀ। ਕਨੱਖਲ ਤੋਂ ਵਾਪਸ ਆ ਕੇ ਮਾਧੋ ਦਾਸ ਕੁਝ ਸਮੇਂ ਆਪਣੇ ਪੰਚਵਟੀ ਵਾਲੇ ਡੇਰੇ ਹੀ ਰਿਹਾ,ਤੇ ਫਿਰ ਗੁਦਾਵਰੀ ਦਰਿਆ ਦੇ ਨਾਲ ਨਾਲ ਲਗਦੇ ਪਿੰਡਾਂ 'ਚ ਲੰਘਦੇ ਵਿਚਰਦੇ ਹੋਏ ਕੁਝ ਸਾਲਾਂ ਪਿੱਛੋਂ ਨੰਦੇੜ ਪੁੱਜ ਕੇ ਆਪਣਾ ਅਲੱਗ ਡੇਰਾ ਸਥਾਪਿਤ ਕਰ ਲਿਆ। ਜੋ ਕੁਝ ਮੰਤਰ ਜੰਤਰ ਤਥਾ ਤਾਂਤਰਿਕ ਸ਼ਕਤੀਆਂ ਬਾਰੇ ਪਹਿਲਾਂ ਔਗੜਨਾਥ ਦੇ ਡੇਰੇ 'ਚ ਸਿਖਿਆ ਸੀ, ਉਸਦੇ ਹੋਰ ਪ੍ਰਯੋਗ ਦੁਆਰਾ ਛੇਤੀ ਹੀ ਆਲੇ ਦੁਆਲੇ ਦੇ ਇਲਾਕੇ ਵਿੱਚ ਆਪਣੀ ਕਾਫੀ ਪ੍ਰਭਤਾ ਕਾਇਮ ਕਰ ਲਈ। ਪ੍ਰੰਤੂ ਫਿਰ ਵੀ ਉਹ ਬੈਰਾਗੀ ਸੀ, ਉਸਦਾ ਚਿਰਾਂ ਤੋਂ ਭਟਕਦਾ ਮਨ ਅਜੇ ਵੀ ਕਿਸੇ ਵਿਸ਼ੇਸ਼ ਗੁਰੂ ਜਾਂ ਪ੍ਰਾਪਤੀ ਦੀ ਭਾਲ ਵਿੱਚ ਸੀ ।

ਐਸੀ ਵਿਸ਼ੇਸ਼ ਪ੍ਰਾਪਤੀ ਦਾ ਅਵਸਰ ੧੭੦੮ ਵਿੱਚ, ੩੮ ਸਾਲ ਦੀ ਉਮਰੇ ਮਾਧੋ ਦਾਸ ਨੂੰ ਉਦੋਂ ਮਿਲਿਆ ਜਦੋਂ ਉਸ ਦੀ ਭੇਂਟ ਇੱਕ ਵਾਰ ਫਿਰ ਉਸਦੇ ਡੇਰੇ ਪੁੱਜੇ ਗੁਰੂ ਗੋਬਿੰਦ ਸਿੰਘ ਜੀ ਨਾਲ ਹੋਈ। ਇਸ ਤੋਂ ਪਹਿਲਾਂ ਗੁਰੂ ਜੀ ਦਿੱਲੀ ਦੇ ਬਾਦਸ਼ਾਹ ਬਹਾਦਰ ਸ਼ਾਹ ਦਾ ਸਾਥ ਦਿੰਦੇ ਹੋਏ ਆਗਰੇ ਤੋਂ ਬਰਹਾਨ ਪੁਰ ਪੁੱਜ ਕੇ ਕੁੱਝ ਦਿਨ ਰੁਕ ਗਏ ਸਨ। ਉਪਰੰਤ ਇਥੋਂ ਤਾਪਤੀ ਦਰਿਆ ਪਾਰ ਕਰਕੇ ਬਾਲਾਪੁਰ ਪੁੱਜ ਕੇ ਅਤੇ ਬਹਾਦਰ ਸ਼ਾਹ ਦੇ ਬਦਲੇ ਹੋਏ ਤੌਰ ਤਰੀਕੇ ਮਹਿਸੂਸ ਕਰਕੇ ਗੁਰੂ ਜੀ ਨੇ ਉਸਦਾ ਸਾਥ ਛੱਡਣ ਦਾ ਫੈਸਲਾ ਕਰ ਲਿਆ, ਤੇ ਆਪ ਨੰਦੇੜ ਵਲ ਨਿੱਕਲ ਗਏ। ਇਥੇ ਹੀ ਜਦੋਂ ਉਨ੍ਹਾਂ ਨੂੰ ਪਤਾ ਲਗਿਆ ਕਿ ਬੈਰਾਗੀ ਮਾਧੋ ਦਾਸ ਦਾ ਡੇਰਾ ਇਸ ਇਲਾਕੇ ਵਿੱਚ ਹੈ ਤਾਂ ਉਨ੍ਹਾਂ ਉਸਨੂੰ ਮਿਲਣਾ ਤੇ ਕੁੱਝ ਦਿਨ ਉੱਥੇ ਵਿਸ਼ਰਾਮ ਕਰਨਾ ਵਧੇਰੇ ਠੀਕ ਸਮਝਿਆ।

ਜਦੋਂ ਗੁਰੂ ਗੋਬਿੰਦ ਸਿੰਘ ਜੀ ਆਪਣੇ ਕੁੱਝ ਹਥਿਆਰ ਬੰਦ ਸਿੰਘਾਂ ਸਮੇਤ ਨੰਦੇੜ ਵਿਖੇ ਮਾਧੋ ਦਾਸ ਬੈਰਾਗੀ ਦੇ ਡੇਰੇ ਪੁੱਜੇ ਤਾਂ ਉਨ੍ਹਾਂ ਦੀ ਮੁਲਾਕਾਤ ਦੀ ਕਹਾਣੀ ਕਈ ਇਤਿਹਾਸਕਾਰਾਂ ਵਲੋਂ ਬੜੇ ਨਾਟਕੀ ਢੰਗ ਨਾਲ ਬਿਆਨ ਕੀਤੀ ਜਾਂਦੀ ਹੈ । ਖੈਰ ਜਦੋਂ ਅੱਛੀ ਤਰ੍ਹਾਂ ਦੁਬਾਰਾ ਜਾਣ ਪਛਾਣ ਹੋ ਗਈ ਅਤੇ ਬੈਰਾਗੀ ਨੇ ਸਰਹਿੰਦ ਦੇ ਸੂਬੇਦਾਰ ਵਜ਼ੀਰਖਾਨ ਦੁਆਰਾ ਸਾਹਿਬਜਾਦਿਆਂ ਦੀਆਂ ਸ਼ਹੀਦੀਆਂ ਬਾਰੇ ਪੂਰੀ ਵਾਰਤਾ ਸੁਣੀ ਤਾਂ ਉਹ ਆਪਣੀ ਤਿਆਗੀ ਤੇ ਤਾਂਤਰਿਕ ਤੋੜ ਜੋੜ ਵਾਲੀ ਤਪੱਸਿਆ ਵਿਚੋਂ ਨਿਕਲ ਕੇ ਸਾਹਸ ਅਤੇ ਸੇਵਾ ਨੂੰ ਇੱਕ ਜੁੱਟ ਕਰਦੇ ਹੋਏ ਸਰਹਿੰਦ ਦੇ ਅਪਰਾਧੀਆਂ ਨੂੰ ਦੰਡ ਦੇਣ ਲਈ ਤਤਪਰ ਹੋ ਗਿਆ। ਹੁਣ ਉਸਨੂੰ ਆਪਣਾ ਜੀਵਨ ਮਨੋਰਥ ਲੱਭ ਪਿਆ ਸੀ, ਉਸਦੇ ਸਾਹਮਣੇ ਇੱਕੋ ਇੱਕ ਟੀਚਾ ਸੀ- ਸਰਹਿੰਦ ਦੇ ਸੂਬੇਦਾਰ ਦਾ ਸਿਰ ਅਤੇ ਉਸ ਦੀ ਬਿਰਆਈ ਦਾ ਖਾਤਮਾ ।

'ਗੁਰੂ ਕੀਆਂ ਸਾਖੀਆਂ' ਪੁਸਤਕ ਵਿੱਚ ਲਿਖੀ ਕਹਾਣੀ ਅਨੁਸਾਰ ਮਾਧੋ ਦਾਸ ਦੀ ਗੁਰੂ ਜੀ ਨਾਲ ਭੇਂਟ ਸਮੇਂ ਜੋ ਵਾਰਤਾਲਾਪ ਹੁੰਦੀ ਹੈ, ਉਸ ਦੇ ਅੰਤ ਵਿੱਚ ਉਹ ਗੁਰੂ ਜੀ ਨੂੰ 'ਦਿਲੋਂ ਜਾਨੋ ਤੁਹਾਡਾ ਬੰਦਾ' ਆਖਦਾ ਹੈ। ਉਸ ਘਟਨਾ ਤੋਂ ਅਗਲੇ ਹੀ ਦਿਨ ਖੰਡੇ ਦੀ ਪਾਹੁਲ ਦੁਆਰਾ ਉਸਦਾ ਨਾਮ ਮਾਧੋ ਦਾਸ ਤੋਂ ਬਦਲ ਕੇ ਬੰਦਾ ਸਿੰਘ ਪਰਵਾਨ ਕਰ ਲਿਆ ਜਾਂਦਾ ਹੈ, ਤੇ ਪੂਰੇ ਸ਼ਸ਼ਤਰਾਂ ਬਸਤਰਾਂ ਸਹਿਤ ਗੁਰੂ ਜੀ ਵਲੋਂ ਖੁਦ ਉਸਨੂੰ ਨਵੇਂ ਜੀਵਨ ਲਈ ਤਿਆਰ ਕੀਤਾ ਜਾਂਦਾ ਹੈ। ਇਹ ਰਸਮ ਚਾਰ ਸਤੰਬਰ ੧੭੦੮ ਨੂੰ ਹੋਈ ਮੰਨੀ ਜਾਂਦੀ ਹੈ।

ਹੁਣ ਬੰਦਾ ਸਿੰਘ ਦੀ ਮਾਨਸਿਕਤਾ ਬਿਲਕੁਲ ਬਦਲ ਗਈ ਸੀ। ਉਹ ਇੱਕ ਤਿਆਗੀ ਜਾਂ ਬੈਰਾਗੀ ਨਹੀਂ ਸੀ ਰਿਹਾ,ਸਗੋਂ ਸ਼ਸ਼ਤਰ ਬਸਤਰ ਸਹਿਤ ਇੱਕ ਯੋਧਾ ਤੇ ਜਰਨੈਲ ਬਣ ਕੇ ਗੁਰੂ ਜੀ ਦੇ ਆਦੇਸ਼ ਲਈ ਉਨ੍ਹਾਂ ਸਾਹਮਣੇ ਸੇਵਾਦਾਰ ਬਣਿਆ ਖੜਾ ਸੀ । ਇਹ ਜਰਨੈਲ ਨਾ ਕੇਵਲ ਸਰੀਰਕ ਸਰੇਸ਼ਟਾ ਪੱਖੋਂ ਇੱਕ ਪ੍ਰਭਾਵਸ਼ਾਲੀ ਨੌਜਵਾਨ ਹੀ ਸੀ, ਸਗੋਂ ਇੱਕ ਹੰਡਿਆ ਹੋਇਆ ਪਦ ਯਾਤਰੀ ਤੇ ਤਾਂਤਰਿਕ ਯੋਗੀ ਵੀ ਰਹਿ ਚੁੱਕਾ ਸੀ। ਉੱਤਰ ਤੇ ਦੱਖਣ ਵਿੱਚੋਂ ਤੀਰਥ ਅਸਥਾਨਾਂ ਦੀ ਯਾਤਰਾ ਕਰਦੇ ਸਮੇਂ ਉਹ ਪਹਾੜੀ,ਜੰਗਲੀ ਤੇ ਦਰਿਆਵੀ ਰਾਹਾਂ ਤੋਂ ਵੀ ਵਾਕਿਫ ਹੋ ਚੁੱਕਾ ਸੀ। ਘੋੜ ਸਵਾਰੀ ਤੇ ਸ਼ਸਤਰ ਬਾਜ਼ੀ ਦੀ ਸਿਖਲਾਈ ਤਾਂ ਉਸਨੂੰ ਬਚਪਨ ਤੋਂ ਹੀ ਮਿਲੀ ਹੋਈ ਸੀ। ਉਸਨੂੰ ਅਨੰਦਪੁਰ ਤੇ ਹੋਏ ਹਮਲੇ ਤੋਂ ਲੈ ਕੇ, ਬਹਾਦਰਸ਼ਾਹ ਦੀ ਬਦਨੀਤੀ ਅਤੇ ਨੰਦੇੜ ਪੁੱਜਣ ਤੱਕ ਦੀ ਸਾਰੀ ਕਹਾਣੀ ਦੀ ਅੱਛੀ ਤਰ੍ਹਾਂ ਸਮਝ ਪੈ ਗਈ ਸੀ । ਮੁਗਲਾਂ ਦੇ ਜ਼ੁਲਮ ਦੀ ਕਹਾਣੀ ਨੇ ਉਸ ਦੇ ਮਨ ਤੇ ਇਤਨਾ ਅਸਰ ਕਰ ਦਿੱਤਾ ਸੀ ਕਿ ਉਹ ਆਪਣੇ ਮਿਥੇ ਟੀਚੇ ਨੂੰ ਪੂਰਾ ਕਰਨ ਲਈ ਛੇਤੀ ਤੋਂ ਛੇਤੀ ਪੰਜਾਬ ਪੁੱਜਣਾ ਚਾਹੁੰਦਾ ਸੀ।

ਸਿੱਖ ਸੋਮਿਆਂ ਅਨੁਸਾਰ, ਬੰਦਾ ਸਿੰਘ ਦੇ ਸਾਥ ਅਤੇ ਸਹਾਇਤਾ ਲਈ ਗੁਰੂ ਜੀ ਨੇ ਸੂਰਬੀਰ ਸਿੰਘਾਂ ਦੇ ਇੱਕ ਜਥੇ ਦਾ ਪ੍ਰਬੰਧ ਕੀਤਾ, ਜਿਨ੍ਹਾਂ ਵਿੱਚ ਭਗਵੰਤ ਸਿੰਘ ਬੰਗੇਸ਼ਰੀ ਤੇ ਉਸਦੇ ਭਰਾਵਾਂ ਦੇ ਵਪਾਰਕ ਕਾਫਲੇ ਦੇ ਸ਼ਾਮਿਲ ਹੋਣ ਦਾ ਜ਼ਿਕਰ ਵਿਸ਼ੇਸ਼ ਤੌਰ ਤੇ ਆਉਂਦਾ ਹੈ। ਕੁਝ ਲਿਖਾਰੀ ਇਸ ਜੱਥੇ ਵਿੱਚ ਪੰਜ ਮੁਖੀ ਸਿੰਘਾ ਦਾ ਜ਼ਿਕਰ ਕਰਦੇ ਹਨ, ਜਿਨ੍ਹਾਂ ਵਿੱਚ ਬਿਨੋਦ ਸਿੰਘ, ਕਾਹਨ ਸਿੰਘ, ਬਾਜ ਸਿੰਘ,ਰਣ ਸਿੰਘ ਤੇ ਰਾਮ ਸਿੰਘ ਦੇ ਨਾਮ ਲਏ ਜਾਂਦੇ ਹਨ। ਬੰਦਾ ਸਿੰਘ ਨੂੰ ਇੱਕ ਨੀਲੇ ਰੰਗ ਦਾ ਨਿਸ਼ਾਨ ਸਾਹਿਬ, ਇੱਕ ਨਗਾਰਾ ਤੇ ਪੰਜ ਤੀਰ ਵੀ ਦਿੱਤੇ ਜਾਂਦੇ ਦਸਦੇ ਹਨ। ਇਸ ਦੇ ਨਾਲ ਹੀ ਗੁਰੂ ਜੀ ਉਸਨੂੰ ਇੱਕ ਚਿੱਠੀ ਵੀ ਦਿੰਦੇ ਹਨ ਜਿਸ ਵਿੱਚ ਪੰਜਾਬ ਦੇ ਸਿੱਖਾਂ ਨੂੰ ਬੰਦਾ ਸਿੰਘ ਦਾ ਤਨੋਂ ਮਨੋਂ ਸਾਥ ਦੇਣ ਲਈ ਹਦਾਇਤ ਕੀਤੀ ਹੁੰਦੀ ਹੈ। ਇਹ ਚਿੱਠੀ ਸਿੱਖ ਮਾਨਸਿਕਤਾ ਨੂੰ ਬੰਦਾ ਸਿੰਘ ਦੀ ਜਥੇਦਾਰੀ ਜਾਂ ਸਰਦਾਰੀ ਕਬੂਲਣ ਵਿੱਚ ਇੱਕ ਹੁਕਮਨਾਮੇ ਵਾਂਗ ਬਹੁਤ ਸਹਾਇਕ ਸਿੱਧ ਹੁੰਦੀ ਹੈ ।

ਇਤਿਹਾਸਕਾਰਾਂ ਅਨੁਸਾਰ ੫ ਅਕਤੂਬਰ ੧੭੦੮ ਨੂੰ ਬੰਦਾ ਸਿੰਘ ਨੇ ਗੁਰੂ ਜੀ ਵਲੋਂ ਥਾਪੇ ਗਏ ਸਾਥੀਆਂ ਸਮੇਤ ਨੰਦੇੜ ਤੋਂ ਪੰਜਾਬ ਵਲ ਕੂਚ ਕਰ ਦਿੱਤਾ। ਨੰਦੇੜ ਤੋਂ ਪੰਜਾਬ ਤਕ ਲਗਭਗ ਡੇਢ ਹਜ਼ਾਰ ਕਿਲੋ ਮੀਟਰ ਦੇ ਸਫਰ ਵਿੱਚ ਪਹਾੜ,ਦਰਿਆ,ਜੰਗਲ ਤੇ ਰੇਗਿਸਤਾਨ ਭਾਵ ਹਰ ਪ੍ਰਕਾਰ ਦੀ ਭਗੋਲਿਕ ਸਥਿਤੀ ਦਾ ਸਾਹਮਣਾ ਕਰਨਾ ਪੈਦਾ ਸੀ,ਜਿਸ ਨੂੰ ਤਹਿ ਕਰਨ ਲਈ ਉਨ੍ਹਾਂ ਦਿਨਾਂ ਵਿੱਚ ਦਸ ਬਾਰਾਂ ਮਹੀਨੇ ਲਗ ਜਾਂਦੇ ਸਨ। ਪ੍ਰੰਤੂ ਬੰਦਾ ਸਿੰਘ ਨੇ ਮਹਾਰਾਸ਼ਟਰ ਤੋਂ ਪੰਜਾਬ ਤੱਕ ਦਾ ਲੰਬਾ ਪੈਂਡਾ ਕਾਹਲੀ ਕਾਹਲੀ ਪੰਜ ਛੇ ਮਹੀਨਿਆਂ ਵਿੱਚ ਮੁਕਾ ਲਿਆ। ਖੈਰ ਪੰਜਾਬ ਪਹੁੰਚਣ ਦੇ ਨਾਲ ਹੀ ਬੰਦਾ ਸਿੰਘ ਨੇ ਸਭ ਤੋਂ ਪਹਿਲਾ ਕੰਮ ਵੱਖ ਵੱਖ ਇਲਾਕਿਆਂ ਵਿੱਚ ਆਪਣੇ ਸੁਨੇਹੇ ਤੇ ਚਿੱਠੀਆਂ ਦੁਆਰਾ ਇਕੱਠੇ ਹੋਣ ਲਈ ਆਖਿਆ ਅਤੇ ਆਪਣੇ ਮੰਤਵ ਤੋਂ ਜਾਣੂ ਕਰਵਾਇਆ, ਤਾਂ ਕਿ ਜ਼ਾਲਿਮ ਹਾਕਮਾ ਨੂੰ ਉਨ੍ਹਾਂ ਦੇ ਕੀਤੇ ਦੀ ਸਜ਼ਾ ਦਿੱਤੀ ਜਾਵੇ। ਭਾਵੇਂ ਬੰਦਾ ਸਿੰਘ ਦਾ ਮੁੱਖ ਨਿਸ਼ਾਨਾ ਸਰਹਿੰਦ ਦੇ ਸੂਬੇਦਾਰ ਤੇ ਉਸਦੇ ਸੁੱਚਾ ਨੰਦ ਵਰਗੇ ਸਾਥੀ ਹੀ ਸਨ, ਪ੍ਰੰਤੂ ਉਸ ਨਾਲ ਸਿੱਧੀ ਟੱਕਰ ਲੈਣ ਤੋਂ ਪਹਿਲਾਂ ਬੰਦਾ ਸਿੰਘ ਨੇ ਜਿਸ ਵਿਧੀ ਅਤੇ ਯੋਗਤਾ ਨਾਲ ਇੱਕ ਵਿਸ਼ਾਲ ਸੈਨਾ ਤਿਆਰ ਕੀਤੀ, ਉਹ ਉਸਦੇ ਇੱਕ ਸੁਲਝੇ ਹੋਏ ਅਤੇ ਤੱਜਰਬੇਕਾਰ ਜਰਨੈਲ ਹੋਣ ਦਾ ਸਬੂਤ ਹੈ।

ਪੰਜਾਬ ਪੁੱਜ ਕੇ ਬੰਦਾ ਸਿੰਘ ਨੇ ਆਪਣਾ ਸਭ ਤੋਂ ਪਹਿਲਾ ਮੁੱਖ ਪੜਾਅ ਬਾਂਗਰ ਇਲਾਕੇ ਦੇ ਪਰਗਣਾ ਖਰਖੋਦਾ ਦੇ ਇੱਕ ਜੰਗਲ ਵਿੱਚ ਕੀਤਾ, ਜੋ ਇਸ ਵੇਲੇ ਸੋਨੀਪਤ ਜਿਲ੍ਹੇ ਦਾ ਸਰਹਦੀ ਇਲਾਕਾ ਹੈ। ਇਥੋਂ ਰਹਿ ਕੇ ਹੀ ਅਗਲੀ ਵਿਧੀ ਵਿਚਾਰਦੇ ਹੋਏ ਪੰਜਾਬ ਦੇ ਵੱਖ ਵੱਖ ਇਲਾਕਿਆਂ ਵਿੱਚ ਸੁਨੇਹੇ ਭੇਜੇ ਗਏ ਕਿ ਸਿੰਘ ਹਥਿਆਰ ਬੰਦ ਹੋ ਕੇ ਜੰਗਲ ਵਿੱਚ ਇਸ ਟਿਕਾਣੇ ਤੇ ਪੁਜੱਣ। ਇਸ ਤਰ੍ਹਾਂ ਸੁਨੇਹੇ ਭੇਜਣ ਪਹੁੰਚਾਣ ਵਿੱਚ ਚਾਰ ਪੰਜ ਸੌ ਸਿੰਘਾਂ ਨੂੰ ਵਿਸ਼ਵਾਸ਼ ਸਾਹਿਤ ਇਕੱਠਾ ਕਰਨ ਆਦਿ ਕੰਮਾਂ ਵਿੱਚ ਕੁਝ ਮਹੀਨੇ ਹੋਰ ਲੰਘ ਗਏ । ਐਸਾ ਕਰਨ ਉਪਰੰਤ ਬੰਦਾ ਸਿੰਘ ਨੇ ਸਭ ਤੋਂ ਪਹਿਲਾ ਕੰਮ ਇਹ ਕੀਤਾ ਕਿ ਆਪਣੀ ਨਿੱਕੀ ਜਿਹੀ ਪੈਦਲ ਅਤੇ ਘੋੜ ਸਵਾਰ ਫੌਜ ਵਿੱਚ ਹੋਰ ਸਾਹਸ ਤੇ ਸਵੈ ਵਿਸ਼ਵਾਸ ਪੈਦਾ ਕਰਨ ਲਈ ਨੇੜਲੇ ਨਗਰ ਸੋਨੀਪਤ ਤੇ ਹਮਲਾ ਕਰਕੇ ਉਥੋਂ ਦੇ ਕਮਜ਼ੋਰ ਫੌਜਦਾਰ ਨੂੰ ਭਜਾ ਦਿੱਤਾ। ਐਸਾ ਕਰਕੇ ਸਿੱਖ ਸੈਨਿਕਾਂ ਨੇ ਕਾਫੀ ਸ਼ਾਹੀ ਖਜ਼ਾਨਾ, ਘੋੜੇ ਅਤੇ ਹਥਿਆਰ ਕਾਬੂ ਕਰ ਲਏ । ਪਰ ਉਨ੍ਹਾਂ ਨਾ ਹੀ ਜਨਤਾ ਨੂੰ ਕੁਝ ਕਿਹਾ,ਨਾ ਹੀ ਸੋਨੀਪਤ ਵਿਖੇ ਹੋਰ ਠਹਿਰਨਾ ਮੁਨਾਸਿਬ ਸਮਝਿਆ। ਕਿਸੇ ਨੂੰ ਵੀ ਇਸ ਗਲ ਦੀ ਸੂਹ ਨਹੀਂ ਪਈ ਕਿ ਇਹ ਸ਼ਾਹੀ ਖਜ਼ਾਨਾ ਲੁੱਟਣ ਵਾਲੇ ਅੱਗੋਂ ਕੀ ਕੀ ਕਰਨ ਵਾਲੇ ਹਨ। ਜਦੋਂ ਕਿ ਇਸ ਘਟਨਾ ਤੋਂ ਕੁਝ ਚਿਰ ਮਗਰੋਂ ਹੀ ਕੈਥਲ ਤੋਂ ਦਿੱਲੀ ਜਾ ਰਹੇ ਸ਼ਾਹੀ ਖਜ਼ਾਨੇ ਨੂੰ ਵੀ, ਨਾਲ ਜਾ ਰਹੇ ਫੌਜੀ ਦਸਤੇ ਉੱਤੇ ਬਹੂਣ ਪਿੰਡ ਵਿਖੇ ਪੜਾਅ ਕਰਦੇ ਸਮੇਂ ਅਚਾਨਕ ਹਮਲਾ ਕਰਕੇ ਲੁੱਟ ਲਿਆ । ਬੰਦਾ ਸਿੰਘ ਨੇ ਇਸ ਖਜ਼ਾਨੇ ਦੇ ਮਾਲ ਅਸਬਾਬ ਤੇ ਕਾਬੂ ਕੀਤੇ ਘੋੜਿਆਂ ਨੂੰ ਆਪਣੇ ਸਾਥੀਆਂ ਵਿੱਚ ਹੀ ਵੰਡ ਦਿੱਤਾ ਜਿਸ ਤੇ ਸਹਿਯੋਗੀ ਸਿੱਖਾਂ ਵਿੱਚ ਉਸਦਾ ਸਤਿਕਾਰ ਹੋਰ ਵੀ ਵੱਧ ਗਿਆ।

ਇਨ੍ਹਾਂ ਦੋ ਘਟਨਾਵਾਂ ਨਾਲ ਬੰਦੇ ਦੀ ਸੈਨਿਕ ਸ਼ਕਤੀ ਵਿੱਚ ਤੇਜ਼ੀ ਨਾਲ ਵਾਧਾ ਹੋਣ ਲੱਗਾ । ਬਹੁਤ ਸਾਰੇ ਸਿੱਖ ਪ੍ਰਵਾਰਾਂ ਦੇ ਨੌਜਵਾਨ ਆਪੋ ਆਪਣੇ ਘੋੜਿਆਂ ਤੇ ਹਥਿਆਰਾਂ ਸਮੇਤ ਬੰਦਾ ਸਿੰਘ ਨਾਲ ਆ ਰਲੇ। ਥੋੜੇ ਹੀ ਸਮੇਂ ਵਿੱਚ ਉਸਦੀ ਸੈਨਾ ਦੀ ਗਿਣਤੀ ਚਾਰ ਪੰਜ ਹਜਾਰ ਤੱਕ ਪੁੱਜ ਗਈ। ਹੁਣ ਬੰਦਾ ਸਿੰਘ ਨੂੰ ਆਪਣੇ ਮੁੱਖ ਨਿਸ਼ਾਨੇ ਤੇ ਪੁੱਜਣ ਦੀ ਕੋਈ ਔਕੜ ਨਹੀਂ ਦਿਸ ਰਹੀ ਸੀ । ਉਸਨੂੰ ਪਤਾ ਸੀ ਕਿ ਦਿੱਲੀ ਦਾ ਮੁਗਲ ਬਾਦਸ਼ਾਹ ਬਹਾਦਰ ਸ਼ਾਹ ਦੱਖਣ ਦੀ ਮੁਹਿੰਮ ਤੇ ਹੈ, ਪਿਛਲੇ ਅਹਿਲਕਾਰ ਅਵੇਸਲੇ ਤੇ ਆਪੋ ਧਾਪੀ ਵਿੱਚ ਸਨ। ਉਸਨੂੰ ਇਸ ਗੱਲ ਦੀ ਵੀ ਸਮਝ ਸੀ ਕਿ ਸਰਹਿੰਦ ਦੀ ਐਡੀ ਵੱਡੀ ਤਾਕਤ ਨਾਲ ਦੋ ਹੱਥ ਕਰਨ ਤੋਂ ਪਹਿਲਾਂ ਉਸ ਲਈ ਇੱਕ ਵੱਡੀ ਫੌਜ ਤੇ ਵਧੀਆਂ ਹਥਿਆਰਾਂ ਨੂੰ ਪ੍ਰਾਪਤ ਕਰਨਾ ਜ਼ਰੂਰੀ ਹੈ।  ਐਸਾ ਕਰਨ ਲਈ ਸਭ ਤੋਂ ਪਹਿਲਾਂ ਕੁੱਝ ਸ਼ਾਹੀ ਫੌਜਦਾਰਾਂ ਦੇ ਅਸਲਾ-ਖਾਨਿਆਂ ਅਤੇ ਖਜ਼ਾਨਿਆਂ ਤੇ ਕਬਜ਼ਾ ਕਰਨਾ ਹੀ ਉਚਿੱਤ ਸਮਝਿਆ ਗਿਆ। ਪ੍ਰੰਤੂ ਉਹ ਐਸੀ ਕੋਈ ਗੱਲ ਨਹੀਂ ਸੀ ਕਰਨੀ ਚਾਹੁੰਦਾ ਜਿਸ ਨਾਲ ਐਸਾ ਕਰਨ ਸਮੇਂ ਆਮ ਜਨਤਾ ਨੂੰ ਕੋਈ ਦੁੱਖ ਹੋਵੇ ਜਾਂ ਨੁਕਸਾਨ ਪਹੁੰਚੇ, ਜਿਸ ਨਾਲ ਉਹ ਸਿੱਖਾਂ ਦੇ ਵਿਰੁਧ ਉੱੱਠ ਖੜੋਣ। ਇਸ ਤਰ੍ਹਾਂ, ਉਸਨੇ ਸੋਚੀ ਸਮਝੀ ਵਿਉਂਤ ਅਨੁਸਾਰ ਆਲੇ ਦੁਆਲੇ ਦੇ ਕੁੱਝ ਕਸਬਿਆਂ ਤੇ ਅਚਾਨਕ ਹਮਲੇ ਕੀਤੇ, ਅਤੇ ਉੱਥੇ ਜਮਾਂ ਹੋਏ ਅਸਲੇ ਤੇ ਖਜ਼ਾਨੇ ਖੋਹ ਲਏ। ਇਸ ਵਿੱਚੋਂ ਹਿਸਾਰ, ਭਵਾਨੀ ਤੇ ਨਾਰਨੌਲ ਵਿਸ਼ੇਸ਼ ਜ਼ਿਕਰਯੋਗ ਹਨ। ਇਨ੍ਹਾਂ ਦਿਨ੍ਹਾਂ ਵਿੱਚ ਬੰਦਾ ਸਿੰਘ ਨਾਲ ਹੋਰ ਸਿੱਖ ਜੱਥੇ ਲਗਾਤਾਰ ਮਿਲ ਰਹੇ ਸਨ ਤੇ ਸਭ ਦੇ ਮਨੋਬਲ ਵਿੱਚ ਨਿਰੰਤਰ ਵਾਧਾ ਹੋ ਰਿਹਾ ਸੀ।

ਹੁਣ ਬੰਦਾ ਸਿੰਘ ਦੀ ਨਜ਼ਰ ਸਰਹਿੰਦ ਦੇ ਨੇੜਲੇ ਉਨ੍ਹਾਂ ਨਗਰਾਂ ਤੇ ਸੀ ਜਿਨ੍ਹਾਂ ਤੋਂ ਸੂਬਾ ਸਰਹਿੰਦ ਨੂੰ ਛੇਤੀ ਮੱਦਦ ਮਿਲਦੀ ਰਹਿੰਦੀ ਸੀ ਅਤੇ ਉਨ੍ਹਾਂ ਨੂੰ ਸਰਹਿੰਦ ਤੇ ਹਮਲਾ ਕਰਨ ਤੋਂ ਪਹਿਲਾਂ ਦਬੋਚਣਾ ਜ਼ਰੂਰੀ ਸੀ। ਇਸ ਲਈ ਬੰਦਾ ਸਿੰਘ ਨੇ ਸਭ ਤੋਂ ਪਹਿਲਾਂ ਸਮਾਣਾ ਨਗਰ ਤੇ ਹਮਲਾ ਕਰਨ ਦੀ ਵਿਉਂਤ ਬਣਾਈ। ਇਹ ਨਗਰ ਮੁਗਲਾਂ ਤੋਂ ਪਹਿਲਾਂ ਕਿਸੇ ਸਮੇਂ ਸਰਹਿੰਦ ਨਾਲੋਂ ਵੀ ਵੱਧ ਮਹਤੱਤਾ ਰਖਦਾ ਸੀ, ਤੇ ਇਥੋਂ ਦੇ ਕਿਲੇ ਤੇ ਕਬਜ਼ਾ ਕਰਨ ਨਾਲ ਬੰਦਾ ਸਿੰਘ ਨੂੰ ਇੱਕ ਵੱਡੇ ਇਲਾਕੇ ਦਾ ਅਧਿਕਾਰ ਮਿਲ ਜਾਣਾ ਸੀ। ਬੰਦਾ ਸਿੰਘ ਨੂੰ ਦਸਿੱਆ ਗਿਆ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬ ਜ਼ਾਦਿਆਂ ਨੂੰ ਕੁੱਝ ਸਾਲ ਪਹਿਲਾਂ ਇੱਥੋਂ ਦੇ ਜਲਾਦਾਂ ਨੇ ਹੀ ਬੇ ਰਹਿਮੀ ਨਾਲ ਕਤਲ ਕੀਤਾ ਸੀ, ਤੇ ਉਸ ਤੋਂ ਪਹਿਲਾਂ ਵੀ, ਦਿੱਲੀ ਵਿੱਚ ਗੁਰੂ ਤੇਗ ਬਹਾਦਰ ਜੀ ਦਾ ਸਿਰ ਧੜ ਤੋਂ ਜੁਦਾ ਕਰਨ ਵਾਲਾ ਜਲਾਦ ਇਥੋਂ ਦਾ ਹੀ ਸੀ । ਸੋ ਬੰਦਾ ਸਿੰਘ ਲਈ ਇਸ ਸ਼ਹਿਰ   ਨੂੰ ਸੋਧਾ ਲਾਉਣਾ ਹੋਰ ਵੀ ਜ਼ਰੂਰੀ ਹੋ ਗਿਆ ।

੨੬ ਨਵੰਬਰ ੧੭੦੯ ਵਾਲੇ ਦਿਨ ਬੰਦਾ ਸਿੰਘ ਨੇ ਤਿੰਨ ਚਾਰ ਹਜ਼ਾਰ ਸਿੰਘਾਂ ਦੀ ਅਗਵਾਈ ਕਰਦੇ ਹੋਏ ਸਮਾਣਾ ਸ਼ਹਿਰ ਦੇ ਕਿਲੇ ਤੇ ਹਮਲਾ ਕਰ ਦਿੱਤਾ। ਸ਼ਹਿਰ ਦੇ ਹਾਕਮਾਂ ਨੇ ਇਸ ਤਰ੍ਹਾਂ ਦੇ ਅਚਾਨਕ ਵੱਡੇ ਹਮਲੇ ਬਾਰੇ ਕਦੇ ਸੋਚਿਆ ਵੀ ਨਹੀਂ ਸੀ, ਇਸ ਲਈ ਉਹ ਆਪਣੇ ਬਚਾ ਵਿੱਚ ਕੁਝ ਵੀ ਨਹੀਂ ਕਰ ਸਕੇ, ਤੇ ਜੋ ਕੁੱਝ ਕੁ ਮੁਕਾਬਲੇ ਵਿੱਚ ਆਏ ਛੇਤੀ ਹੀ ਖਤਮ ਕਰ ਦਿੱਤੇ ਗਏ। ਕੁੱਝ ਘੰਟਿਆਂ ਵਿੱਚ ਹੀ ਕਿਲੇ ਤੇ ਸਿੱਖਾਂ ਦਾ ਕਬਜ਼ਾ ਹੋ ਗਿਆ । ਪੰ੍ਰਤੂ, ਇਹ ਸ਼ਹਿਰ ਮੁਗਲ ਜਗੀਰਦਾਰਾਂ, ਅਮੀਰਾਂ ਤੇ ਧਨਾਡ ਸਯੀਅਦਾਂ ਦਾ ਗੜ੍ਹ ਵੀ ਸੀ। ਜਿਨ੍ਹਾਂ ਦੀਆਂ ਜਮੀਨਾਂ ਤੇ ਕੰਮ ਕਰਨ ਵਾਲੇ ਮੁਜ਼ਾਰੇ, ਆਮ ਕਾਮੇਂ ਤੇ ਕਿਸਾਨ ਬਹੁਤ ਦੁਖੀ ਸਨ । ਇਨ੍ਹਾਂ ਦੁਖੀ ਕਿਸਾਨਾਂ ਨੇ ਸਿੱਖ ਫੌਜ ਦੇ ਸਰਦਾਰਾਂ ਨੂੰ ਉਨ੍ਹਾਂ ਅਮੀਰਾਂ ਵਜੀਰਾਂ ਦੇ ਘਰਾਂ ਤੇ ਹਵੇਲੀਆਂ ਬਾਰੇ ਜਾਣਕਾਰੀ ਦਿੱਤੀ। ਸਿੱਖ ਸੈਨਕਾਂ ਨੇ ਉਹ ਸਾਰੇ ਮਾਰ ਮੁਕਾਏ ਤੇ ਉਨ੍ਹਾਂ ਦੀਆਂ ਹਵੇਲੀਆਂ ਤੇ ਘਰਾਂ ਨੂੰ ਅੱਗਾਂ ਲਾ ਕੇ ਢਹਿ ਢੇਰੀ ਕਰ ਦਿੱਤਾ। ਕੁੱਝ ਅਨੁਮਾਨਾਂ ਅਨੁਸਾਰ ਪੰਜ ਹਜ਼ਾਰ ਤੋਂ ਵੱਧ ਜਾਨਾਂ ਇਸ ਲੜਾਈ ਦੀ ਭੇਂਟ ਚੜ੍ਹ ਗਈਆਂ। ਸਮਾਣੇ ਸ਼ਹਿਰ ਤੇ ਕਬਜ਼ਾ ਹੋ ਜਾਣ ਦੇ ਨਾਲ ਹੀ ਇਸਦੇ ਨੌ ਪਰਗਣਿਆਂ ਦੇ ਪਿੰਡਾਂ ਨੇ ਬੰਦਾ ਸਿੰਘ ਦੀ ਅਧੀਨਗੀ ਮੰਨ ਲਈ । ਉਪਰੰਤ ਸਿੱਖ ਫੌਜਾਂ ਨੂੰ ਭਾਰੀ ਗਿਣਤੀ ਵਿੱਚ ਹਥਿਆਰ, ਘੋੜੇ ਤੇ ਬਹੁਤ ਸਾਰਾ ਸੋਨਾ, ਚਾਂਦੀ, ਹੀਰੇ ਆਦਿ ਹੱਥ ਲੱਗੇ।

ਪ੍ਰੰਤੂ ਬੰਦਾ ਸਿੰਘ ਨੇ ਉੱਥੇ ਖੁਦ ਰੁਕਣ ਦੀ ਬਜਾਏ ਆਪਣੇ ਇੱਕ ਜਰਨੈਲ ਭਾਈ ਫਤਹਿ ਸਿੰਘ ਨੂੰ ਉਥੋਂ ਦਾ ਫੌਜਦਾਰ/ਗਵਰਨਰ ਥਾਪ ਦਿੱਤਾ ਅਤੇ ਆਪਣੀ ਅਗਲੀ ਤਿਆਰੀ ਸ਼ੁਰੂ ਕਰ ਦਿੱਤੀ। ਸਿੱਖ ਫੌਜੀ ਜਥਿਆਂ ਵਿੱਚ ਹਰ ਰੋਜ਼ ਨਵੇਂ ਯੋਧੇ ਭਰਤੀ ਹੋ ਰਹੇ ਸਨ। ਇੱਕ ਅਨੁਮਾਨ ਅਨੁਸਾਰ ਇਹ ਫੌਜ ਹੁਣ ਪੰਦਰਾਂ ਵੀਹ ਹਜ਼ਾਰ ਤੱਕ ਪਹੁੰਚ ਗਈ ਸੀ । ਹੋ ਸਕਦਾ ਹੈ ਕਿ ਇਨ੍ਹਾਂ ਵਿੱਚ ਉਹ ਲੋਕ ਵੀ ਸ਼ਾਮਲ ਹੋ ਗਏ ਹੋਣ ਜੋ ਲੋਟੂ ਭਾਵਨਾ ਨਾਲ ਆਏ, ਜਾਂ ਜੋ ਅਮੀਰ ਅਤੇ ਜਗੀਰਦਾਰਾਂ ਦੇ ਭੈੜੇ ਵਰਤਾਰੇ ਤੋਂ ਦੁਖੀ ਸਨ।

ਆਪਣੀ ਮਿੱਥੀ ਵਿਉਂਤ ਮੁਤਾਬਿਕ ਬੰਦਾ ਸਿੰਘ ਸਰਹਿੰਦ ਦੇ ਸੂਬੇਦਾਰ ਦਾ ਸ਼ਿਕਾਰ ਕਰਨ ਲਈ ਭੁੱਖੇ ਸ਼ੇਰ ਦੀ ਤਰ੍ਹਾਂ ਸਰਹਿੰਦ ਦੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਘੁੰਮ ਰਿਹਾ ਸੀ। ਹੁਣ ਉਸਦੇ ਅਗਲੇ ਨਿਸ਼ਾਨੇ ਤੇ ਸਨੌਰ ਤੇ ਘੁੜਾਮ ਸੀ। ਛੇਤੀ ਹੀ, ਇਥੋਂ ਦੇ ਫੌਜਦਾਰਾਂ ਨੂੰ ਵਾਰੋ ਵਾਰੀ ਹਰਾ ਕੇ ਉਨ੍ਹਾਂ ਦੇ ਕਿਲਿਆਂ ਤੇ ਵੀ ਸਿੱਖਾਂ ਨੇ ਕਬਜ਼ਾ ਕਰ ਲਿਆ। ਇਸ ਉਪਰੰਤ ਠਸਕਾ, ਥਾਨੇਸਰ ਅਤੇ ਫਿਰ ਸ਼ਾਹਬਾਦ ਮਾਰਕੰਡਾ ਆਦਿ ਨਗਰਾਂ ਦੇ ਫੌਜਦਾਰ ਵੀ ਸਿੱਖ ਫੌਜਾਂ ਦੇ ਪੁੱਜਣ ਤੋਂ ਪਹਿਲਾਂ ਹੀ ਭੱਜ ਜਾਣ ਕਰਕੇ ਸਿੱਖਾਂ ਦੇ ਕਬਜ਼ੇ ਵਿੱਚ ਆ ਗਏ। ਉਨ੍ਹਾਂ ਦੇ ਸ਼ਾਹੀ ਖਜ਼ਾਨਿਆਂ, ਹਥਿਆਰਾਂ ਤੇ ਘੋੜਿਆਂ ਨੂੰ ਸਾਂਭਦੇ ਹੋਏ, ਅਮੀਰਾਂ ਤੋਂ ਨਜ਼ਰਾਨੇ ਲੈਕੇ ਕੁੱਝ ਦਿਨਾਂ ਪਿਛੋਂ ਹੀ ਬੰਦਾ ਸਿੰਘ ਨੇ ਇੱਕ ਹੋਰ ਪ੍ਰਸਿੱਧ ਨਗਰ ਮੁਸਤਫਾਬਾਦ ਨੂੰ ਘੇਰਾ ਪਾ ਲਿਆ। ਕੁੱਝ ਘੰਟੇ ਘਮਸਾਨ ਦੀ ਲੜਾਈ ਤੋਂ ਬਾਅਦ ਮੁਗਲ ਫੌਜਦਾਰ ਆਪਣੇ ਦਸਤਿਆਂ ਸਮੇਤ ਭੱਜ ਨਿਕਲਿਆ, ਇਸ ਤੋਂ ਬਾਅਦ ਬੰਦਾ ਸਿੰਘ ਨੇ ਕੁੰਜਪੁਰਾ ਪਿੰਡ ਨੂੰ ਇਸ ਲਈ ਨਿਸ਼ਾਨਾ ਬਣਾਇਆ ਕਿਉਂਕਿ ਉਹ ਸਰਹਿੰਦ ਦੇ ਸੂਬੇਦਾਰ ਵਜ਼ੀਰਖਾਨ ਦਾ ਜੱਦੀ ਪਿੰਡ ਸੀ। ਇਥੋਂ ਵੀ ਕੁੱਝ ਤੋਪਾਂ ਸਹਿਤ ਬਹੁਤ ਸਾਰਾ ਅਸਲਾ ਸਿੱਖਾਂ ਦੇ ਹੱਥ ਆਇਆ। ਇਸੇ ਤਰ੍ਹਾਂ ਕੁੱਝ ਹਿੰਦੂਆਂ ਵਲੋਂ ਕਪੂਰੀ ਪਿੰਡ ਦੇ ਹਾਕਮ ਕਮਲ-ਉਦ-ਦੀਨ ਦੇ ਜ਼ੁਲਮਾਂ ਬਾਰੇ ਦੱਸ ਪੈਣ ਤੇ ਬੰਦਾ ਸਿੰਘ ਨੇ ਉੱਥੇ ਹਮਲਾ ਕਰਕੇ ਉਸਨੂੰ ਉਸ ਦੀ ਆਪਣੀ ਹਵੇਲੀ ਵਿੱਚ ਹੀ ਸਾੜ ਦਿੱਤਾ।    

ਸਰਹਿੰਦ ਦੇ ਦੱਖਣ ਪੂਰਬੀ ਪਾਸੇ ਵਾਲੇ ਨਗਰਾਂ ਨੂੰ ਫਤਹੇ ਕਰਨ ਉਪਰੰਤ, ਹੁਣ ਬੰਦਾ ਸਿੰਘ ਪੂਰਬ ਤੋਂ ਉੱਤਰ ਵਲ ਨੂੰ ਵੱਧਦਾ ਹੋਇਆ ਇੱਕ ਹੋਰ ਪ੍ਰਸਿੱਧ ਨਗਰ ਸਢੌਰਾ ਤੇ ਕਬਜ਼ਾ ਕਰਨਾ ਚਾਹੁੰਦਾ ਸੀ। ਸਿੱਖ ਫੌਜਾਂ ਦੀ ਸ਼ਕਤੀ ਅਤੇ ਸੁਰੱਖਿਆ ਨੂੰ ਤਕੜਾ ਕਰਨ ਲਈ ਇਥੋਂ ਦੇ ਮਜਬੂਤ ਕਿਲੇ ਨੂੰ ਕਬਜ਼ੇ ਵਿੱਚ ਕਰਨਾ ਬਹੁਤ ਜ਼ਰੂਰੀ ਸੀ। ਵੈਸੇ ਭੀ ਇਥੋਂ ਦਾ ਜ਼ਾਲਮ ਹਾਕਮ ਉਸਮਾਨ ਖਾਨ ਸਿੱਖਾਂ ਅਤੇ ਹਿੰਦੂਆਂ ਦਾ ਬਹੁਤ ਵੱਡਾ ਦੁਸ਼ਮਨ ਸੀ। ਉਸਨੇ ਗੁਰੂ ਗੋਬਿੰਦ ਸਿੰਘ ਜੀ ਨਾਲ ਹਮਦਰਦੀ ਰੱਖਣ ਵਾਲੇ, ਇਥੋਂ ਦੇ ਵਸਨੀਕ, ਪੀਰ ਬੁਧੂ ਸ਼ਾਹ (ਬਦਰੁਦੀਨ) ਅਤੇ ਉਸਦੇ ਘਰ ਬਾਰ ਨੂੰ ਵੀ ਆਪਣੀ ਨਫਰਤ ਦਾ ਸ਼ਿਕਾਰ ਬਣਾਇਆ ਸੀ । ਇਸ ਲਈ ਸਢੌਰੇ ਦੇ ਹਾਕਮ ਨੂੰ ਸਬਕ ਸਿਖਾਉਣਾ ਹੋਰ ਵੀ ਜ਼ਰੂਰੀ ਸੀ।

ਦਸੰਬਰ ੧੭੦੯ ਵਿੱਚ ਬੰਦਾ ਸਿੰਘ ਨੇ ਪੂਰੀ ਤਿਆਰੀ ਕਰਕੇ ਵੀਹ ਤੀਹ ਹਜ਼ਾਰ ਸਿੱਖ ਫੌਜੀਆਂ ਦੀ ਅਗਵਾਈ ਕਰਦੇ ਹੋਏ ਸਢੌਰੇ ਤੇ ਹਮਲਾ ਕਰ ਦਿੱਤਾ। ਅੱਗੋ ਉਸਮਾਨ ਖਾਨ ਨੇ ਵੀ ਮੁਕਾਬਲਾ ਕਰਨ ਦੀਆਂ ਪੂਰੀਆਂ ਤਿਆਰੀਆਂ ਕੀਤੀਆਂ ਹੋਈਆਂ ਸਨ। ਉਸਨੇ ਕਿਲੇ ਦਾ ਦਰਵਾਜਾ ਬੰਦ ਕਰਕੇ ਉਪਰੋਂ ਤੋਪਾਂ ਦੇ ਗੋਲੇ ਸੁੱਟਣੇ ਸ਼ੁਰੂ ਕਰ ਦਿੱਤੇ। ਪ੍ਰੰਤੂ ਸਿੱਖ ਫੌਜੀਆਂ ਦਾ ਹੌਸਲਾ ਇਨ੍ਹਾਂ ਵਧਿਆ ਹੋਇਆ ਸੀ ਕਿ ਉਨ੍ਹਾਂ ਅੱਗੇ ਵਧਦਿਆਂ ਕਿਲੇ ਦਾ ਦਰਵਾਜਾ ਤੋੜ੍ਹ ਦਿੱਤਾ ਤੇ ਘਮਸਾਨ ਦੀ ਲੜਾਈ ਸ਼ੁਰੂ ਹੋ ਗਈ। ਅਖੀਰ ਉਸਮਾਨ ਖਾਨ ਦੇ ਫੌਜੀਆਂ ਨੇ ਆਪਣੇ ਹਥਿਆਰ ਸੁੱਟ ਦਿੱਤੇ ਤੇ ਬੰਦਾ ਸਿੰਘ ਦੀ ਈਨ ਮੰਨ ਲਈ। ਉਸਮਾਨ ਖਾਨ ਨੂੰ ਗ੍ਰਿਫਤਾਰ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਹੁਣ ਸਢੌਰੇ ਦੇ ਕਿਲੇ ਤੇ ਖਾਲਸਾਈ ਨਿਸ਼ਾਨ ਝੂਲਣ ਲੱਗਾ ਤੇ ਸ਼ਹਿਰ ਦੇ ਇੰਤਜ਼ਾਮ ਨੂੰ ਇੱਕ ਨਵੀਂ ਪੰਚਾਇਤ ਦੇ ਸਪੁਰਦ ਕਰ ਦਿੱਤਾ ਗਿਆ ।

ਪੰਜ ਛੇ ਹਫਤਿਆਂ ਦੀ ਠੰਡ ਠੇਰ ਅਤੇ ਲੋੜੀਂਦੀ ਤਿਆਰੀ ਤੋਂ ਬਾਅਦ, ਫਰਵਰੀ ੧੭੧੦ ਵਿੱਚ ਬੰਦਾ ਸਿੰਘ ਦਾ ਅਗਲਾ ਨਿਸ਼ਾਨਾ ਮੁੱਖਲਿਸਗੜ੍ਹ ਦਾ ਕਿਲ੍ਹਾ ਸੀ, ਜੋ ਕਿ ਸਢੌਰੇ ਤੋਂ ਮਸਾਂ ਪੰਦਰਾਂ ਸੋਲਾਂ ਮੀਲਾਂ ਦੀ ਵਿੱਥ ਤੇ ਸੀ। ਪ੍ਰੰਤੂ ਇੱਥੋਂ ਦਾ ਫੌਜਦਾਰ ਡਰਦਾ ਮਾਰਿਆ ਪਹਿਲਾਂ ਹੀ ਕਿਲਾ ਖਾਲੀ ਕਰਕੇ ਭੱਜ ਚੁਕਿਆ ਸੀ। ਉਪਰੰਤ ਬੰਦਾ ਸਿੰਘ ਨੇ ਇਸਨੂੰ ਹੋਰ ਮਜ਼ਬੂਤ ਬਣਾ ਕੇ ਇਸਦਾ ਨਾਮ ਲੋਹਗੜ੍ਹ ਰੱਖ ਦਿੱਤਾ।

ਇਸ ਤਰ੍ਹਾਂ ਬੰਦਾ ਸਿੰਘ ਨੇ ਬੜੀ ਵਿਉਂਤ ਨਾਲ ਸਰਹਿੰਦ ਨੂੰ ਇਸ ਦੇ ਦੱਖਣ ਤੇ ਪੂਰਬ ਵੱਲ ਦੇ ਇਲਾਕਿਆਂ ਨੂੰ ਫਤਹਿ ਕਰਕੇ ਦਿੱਲੀ ਨਾਲੋਂ ਤੋੜ ਦਿੱਤਾ ਸੀ, ਜਿਸ ਨਾਲ ਸਰਹਿੰਦ ਤੇ ਹਮਲਾ ਕਰਨ ਦੀ ਪੂਰੀ ਤਿਆਰੀ ਹੋ ਗਈ ਜਾਪਦੀ ਸੀ। aੋਧਰ ਵਜ਼ੀਰ ਖਾਨ ਨੇ ਵੀ ਆਪਣੇ ਸੂਬੇ ਦੇ ਵੱਡੇ ਵੱਡੇ ਚੌਧਰੀਆਂ ਤੇ ਜ਼ਗੀਰਦਾਰਾਂ ਨੂੰ ਸੁਨੇਹੇ ਭੇਜ ਕੇ ਆਪਣੀ ਫੌਜੀ ਤਾਕਤ ਬਹੁਤ ਵਧਾ ਲਈ ਸੀ, ਜਿਨ੍ਹਾਂ ਵਿੱਚ ਮਲੇਰਕੋਟਲੇ ਦਾ ਨਵਾਬ ਸ਼ੇਰ ਮਹੰਮਦ ਵੀ ਸ਼ਾਮਲ ਸੀ। ਇਧਰ ਵੀ ਇਸ ਸਮੇਂ ਸਰਹਿੰਦ ਤੇ ਹਮਲਾ ਕਰਨ ਦੇ ਸੁਨੇਹੇ ਸਾਰੇ ਪੰਜਾਬ ਵਿੱਚ ਸਿੱਖ ਜਥਿਆਂ ਨੂੰ ਜਾ ਰਹੇ ਸਨ, ਜੋ ਬਨੂੜ ਨੇੜੇ ਪੜਾਅ ਕਰ ਰਹੀਆਂ ਬੰਦਾ ਸਿੰਘ ਦੀਆਂ ਫੌਜਾਂ ਵਿੱਚ ਰਲਣ ਲਈ ਪੁੱਜਣੇ ਸ਼ੁਰੂ ਹੋ ਗਏ ਸਨ।

ਮਈ ੧੭੧੦ ਵਿੱਚ, ਕੀਰਤਪੁਰ ਇਕੱਠੇ ਹੋਏ ਡੇਢ ਦੋ ਹਜ਼ਾਰ ਸਿੰਘਾਂ ਨੇ ਇੱਕ ਫੌਜ ਦੇ ਰੂਪ ਵਿੱਚ ਰੋਪੜ ਦੇ ਰਸਤੇ ਛੱਤ-ਬਨੂੜ ਵਲ ਨੂੰ ਕੂਚ ਕਰ ਦਿੱਤਾ, ਪ੍ਰੰਤੂ ਰਸਤੇ ਵਿੱਚ ਰੋਪੜ ਟੱਪ ਕੇ ਬਹਿਲੋਲ ਪੁਰ ਨੇੜੇ ਨਵਾਬ ਮਲੇਰਕੋਟਲਾ ਨੇ ਭਰਾਵਾਂ ਤੇ ਭਤੀਜਿਆਂ ਨਾਲ ਆਪਣੀ ਫੌਜ ਲੈ ਜਾ ਕੇ ਰੋਕ ਲਿਆ। ਗਹਿ ਗਚ ਲੜਾਈ ਵਿੱਚ ਨਵਾਬ ਸ਼ੇਰ ਮਹੰਮਦ ਦੇ ਦੋਵੇਂ ਭਰਾ ਮਾਰੇ ਗਏ ਤੇ ਬਾਕੀ ਫੌਜ ਮੈਦਾਨ ਛੱਡ ਕੇ ਭੱਜ ਗਈ। ਸਿੱਖਾਂ ਨੇ ਬਨੂੜ ਵਲ ਕੂਚ ਕੀਤਾ। ਬੰਦਾ ਸਿੰਘ ਦੀ ਹਾਜ਼ਰੀ ਤੋਂ ਬਿਨਾਂ ਵੀ ਇਹ ਸਿੱਖਾਂ ਦੀ ਇੱਕ ਵੱਡੀ ਜਿੱਤ ਸੀ। ਇਸ ਨਾਲ ਉਨ੍ਹਾਂ ਦੇ ਮਨੋਬਲ ਹੋਰ ਉੱਚੇ ਹੋ ਗਏ । ਇਸੇ ਤਰ੍ਹਾਂ ਸਿੱਖਾਂ ਦੇ ਇੱਕ ਹੋਰ ਦਸਤੇ ਦੀ ਟੱਕਰ ਵੀ ਸਰਹਿੰਦੀ ਫੌਜਾਂ ਨਾਲ ਸੰਘੋਲ ਦੇ ਨੇੜੇ ਹੋਈ। ਉਹ ਵੀ ਜਿੱਤ ਪ੍ਰਾਪਤ ਕਰਦੇ ਹੋਏ ਬਨੂੜ ਪਹੁੰਚ ਗਏ।

ਹੁਣ ਦੁਆਬੇ ,ਮਾਝੇ ਅਤੇ ਮਾਲਵੇ ਆਦਿ ਇਲਾਕਿਆਂ ਤੋਂ ਆਏ ਸਿੱਖਾਂ ਦੇ ਸਾਰੇ ਛੋਟੇ ਵੱਡੇ ਜੱਥੇ ਬਨੂੜ ਤੇ ਸਰਹਿੰਦ ਦੇ ਵਿਚਾਲੇ ਚੱਪੜ ਚਿੜੀ ਦੀ ਜੂਹ ਵਿੱਚ ਬੰਦਾ ਸਿੰਘ ਨਾਲ ਆ ਰਲੇ। ਇੱਕ ਅਨੁਮਾਨ ਅਨੁਸਾਰ ਇਸ ਸੈਨਾ ਦੀ ਗਿਣਤੀ ਵੀ ਤੀਹ ਚਾਲੀ ਹਜ਼ਾਰ ਦੇ ਕਰੀਬ ਹੋ ਗਈ ਸੀ। ਇਸ ਵੇਲੇ ਇਨ੍ਹਾਂ ਕੋਲ ਹਰ ਤਰ੍ਹਾਂ ਦੇ ਹਥਿਆਰ ਤੀਰ ਕਮਾਨ,ਤਲਵਾਰਾਂ,ਨੇਜ਼ੇ, ਬਦੂਕਾਂ ਤੋਂ ਬਿਨਾ ਛੇ ਤੋਪਾਂ ਵੀ ਸਨ ਜੋ ਸਿੱਖ ਫੌਜਾਂ ਵਿੱਚ ਹੋਰ ਵੀ ਮਾਨਸਿਕ ਦਲੇਰੀ ਅਤੇ ਵਿਸ਼ਵਾਸ਼ ਵਧਾ ਰਹੀਆਂ ਸਨ। ਉਧਰ ਸਰਹਿੰਦ ਦੇ ਸੂਬੇਦਾਰ ਵਜ਼ੀਰ ਖਾਨ ਦੀ ਸਹਾਇਤਾ ਵਿੱਚ ਕਾਫੀ ਲੜਾਕੂ ਦਸਤੇ ਪਹੁੰਚ ਚੁੱਕੇ ਸਨ। ਅਨੁਮਾਨ ਅਨੁਸਾਰ ਉਸਦੀ ਫੌਜ ਵੀ ਵੀਹ ਹਜ਼ਾਰ ਤੋਂ ਘੱਟ ਨਹੀਂ ਸੀ ਜਿਸ ਵਿੱਚ ਹਜ਼ਾਰਾ ਘੋੜਸਵਾਰ ਤੇ ਬੰਦੂਕਚੀਆਂ ਤੋਂ ਬਿਨਾਂ ਹਾਥੀਆਂ ਅਤੇ ਤੋਪਾਂ ਦੀ ਵਰਤੋਂ ਮੁਗਲ ਸੈਨਾ ਦੀ ਸ਼ਕਤੀ ਦੇ ਪ੍ਰਤੀਕ ਸਨ।

ਵਜ਼ੀਰ ਖਾਨ ਨੇ ਵਿਧੀ ਇਹ ਵਰਤੀ ਕਿ ਸ਼ਿਕਾਰ ਲਈ ਪਹੁੰਚੇ ਸ਼ੇਰ ਦੇ ਹਮਲੇ ਤੋਂ ਪਹਿਲਾਂ ਉਸ ਤੇ ਹੀ ਹਮਲਾ ਕਰ ਦਿੱਤਾ ਜਾਵੇ,ਤੇ ਉਸਨੂੰ ਸ਼ਹਿਰ ਤੋਂ ਬਾਹਰ ਹੀ ਦਬੋਚ ਲਿਆ ਜਾਵੇ । ਇਸ ਲਈ ਉਸਨੇ ੧੦ ਮਈ ੧੭੧੦ ਨੂੰ ਆਪਣੀ ਸਾਰੀ ਫੌਜ ਨੂੰ ਆਪਣੇ ਵਜ਼ੀਰ ਸੁੱਚਾ ਨੰਦ ਤੇ ਮਲੇਰਕੋਟਲੇ ਦੇ ਨਵਾਬ ਸ਼ੇਰ ਮੁਹੰਮਦ ਖਾਨ ਦੀ ਸਹਾਇਤਾ ਸਹਿਤ ਚਪੜ ਚਿੜੀ ਦੇ ਨਾਲ ਲਗਦੇ ਮੈਦਾਨ ਵਿੱਚ ਲੈ ਆਂਦਾ। ਸਰਹਿੰਦੀ ਫੌਜ ਦੇ ਪਹੁੰਚਣ ਦੀ ਖਬਰ ਸੁਣ ਕੇ ਬੰਦਾ ਸਿੰਘ ਨੇ ਆਪਣੀਆਂ ਫੌਜਾਂ ਨੂੰ ਚਾਰ ਹਿਸਿਆਂ ਵਿੱਚ ਵੰਡ ਦਿੱਤਾ, ਜਿਨ੍ਹਾਂ ਦੀ ਅਗਵਾਈ ਲਈ ਚਾਰ ਜਰਨੈਲ ਫਤੇਹ ਸਿੰਘ, ਕਰਮ ਸਿੰਘ, ਧਰਮ ਸਿੰਘ ਤੇ ਆਲੀ ਸਿੰਘ ਥਾਪ ਦਿੱਤੇ ਗਏ । ਤੋਪਾਂ ਦੀ ਵਰਤੋਂ ਦਾ ਚਾਰਜ ਹੰਡੇ ਹੋਏ ਤੋਪਚੀ ਸ਼ਾਹਬਾਜ਼ ਸਿੰਘ ਨੂੰ ਦੇ ਦਿੱਤਾ ਗਿਆ । ਇਸ ਤਰ੍ਹਾਂ ਦੋਹਾਂ ਧਿਰਾਂ ਵਲੋਂ ਪੂਰੀ ਤਿਆਰੀ ਕਰਨ ਵਿੱਚ ਇੱਕ ਦਿਨ ਹੋਰ ਲੰਘ ਗਿਆ ।

੧੨ ਮਈ ੧੭੧੦ ਵਜ਼ੀਰ ਖਾਨ ਨੇ ਸਿੱਖ ਫੌਜਾਂ ਨੂੰ ਕੁਚਲਣ ਲਈ ਸਭ ਤੋਂ ਅੱਗੇ ਹਾਥੀਆਂ ਨਾਲ ਹਮਲਾ ਕਰਾ ਦਿੱਤਾ। ਸਿੱਖ ਫੌਜਾਂ ਨੂੰ ਜੰਗਲੀ ਝਿੜੀ ਹੋਣ ਕਰਕੇ ਦਰੱਖਤਾਂ ਦੀ ਕਾਫੀ ਓਟ ਮਿਲ ਰਹੀ ਸੀ। ਇਧਰ ਸ਼ਾਹਬਾਜ਼ ਸਿੰਘ ਨੇ ਦਰੱਖਤਾਂ ਵਿੱਚੋਂ ਆਪਣੀਆਂ ਤੋਪਾਂ ਦੇ ਮੂੰਹ ਹਾਥੀਆਂ ਵਲ ਖੋਲ੍ਹ ਦਿੱਤੇ ਜਿਸਤੇ ਕੁੱਝ ਹਾਥੀ ਚਿੰਘਾੜਦੇ ਹੋਏ ਆਪਣੇ ਸਾਥੀਆਂ ਨੂੰ ਲਿਤਾੜਨ ਲਗੇ। ਇਸ ਤਰ੍ਹਾਂ ਕਾਫੀ ਹਫੜਾ ਦਫੜੀ ਪੈਦਾ ਹੋਣ ਕਰਕੇ ਭਾੜੇ ਤੇ ਆਏ ਸਰਹਿੰਦੀ ਫੌਜੀਆਂ ਨੂੰ ਆਪਣੀ ਜਾਨ ਬਚਾਉਣ ਦੀ ਪੈ ਗਈ ਤੇ ਉਹ ਖਿਸਕਣ ਲਗੇ। ਚਾਰੇ ਸਿੱਖ ਸਰਦਾਰ ਵੀ ਆਪੋ ਆਪਣੇ ਦਸਤਿਆਂ ਸਮੇਤ ਅੱਗੇ ਵਧ ਰਹੇ ਗਾਜ਼ੀਆਂ ਤੇ ਟੁੱਟ ਕੇ ਪੈ ਗਏ। ਘਮਸਾਣ ਦਾ ਯੁੱਧ ਸ਼ੁਰੂ ਹੋ ਗਿਆ । ਇੱਕ ਪਾਸੇ ਅਲੀ ਅਲੀ ਤੇ ਦੂਜੇ ਪਾਸੇ ਅਕਾਲ ਅਕਾਲ ਦੇ ਜੈਕਾਰੇ ਗੂੰਜਣ ਲਗੇ।

ਖੈਰ ਇਹ ਗਹਿ ਗੱਚ ਲੜਾਈ ਕਈ ਘੰਟੇ ਚਲਦੀ ਰਹੀ, ਜਿਸ ਵਿੱਚ ਸਰਹਿੰਦ ਦਾ ਵਜ਼ੀਰ ਖਾਨ ਅਤੇ ਕੋਟਲੇ ਵਾਲਾ ਸ਼ੇਰ ਖਾਨ ਦੋਵੇ ਮਾਰੇ ਗਏ। ਸੁੱਚਾ ਨੰਦ ਭੱਜ ਕੇ ਸਰਹਿੰਦ ਜਾ ਵੜਿਆ। ਇਹ ਸਭ ਕੁੱਝ ਵੇਖਦੇ ਹੀ ਬਾਕੀ ਦੀ ਸਰਹਿੰਦੀ ਫੌਜ ਵੀ ਭੱਜ ਨਿਕਲੀ । ਵਜ਼ੀਰ ਖਾਨ ਦੀ ਮੌਤ ਫਤੇਹ ਸਿੰਘ ਦੀ ਤਲਵਾਰ ਨਾਲ ਹੋਈ ਜਾਂ ਬਾਜ਼ ਸਿੰਘ ਦੇ ਨੇਜ਼ੇ ਨਾਲ ਜਾਂ ਕਿਸੇ ਹੋਰ ਵਲੋਂ ਬੰਦੂਕ ਦੀ ਗੋਲੀ ਲੱਗਣ ਨਾਲ, ਇਸ ਬਾਰੇ ਵੱਖ ਵੱਖ ਕਹਾਣੀਆਂ ਤੇ ਬਹਿਸ ਕਰਨਾ ਵਿਅਰਥ ਹੈ। ਕੇਵਲ ਇਹ ਕਹਿਣਾ ਹੀ ਕਾਫੀ ਹੈ ਕਿ ਚੱਪੜ ਚਿੜੀ ਵਿਖੇ ਬੰਦਾ ਸਿੰਘ ਦੀ ਜਿੱਤ ਸਿੱਖ ਕੌਮ ਦੇ ਇਤਿਹਾਸ ਵਿੱਚ ਇੱਕ ਬੜੀ ਗੌਰਵ ਮਈ ਤੇ ਯਾਦਗਾਰੀ ਘਟਨਾ ਹੋ ਨਿਬੜੀ ਹੈ, ਜਿਸ ਨੂੰ ਇਸ ਸਾਲ ੨੦੧੦ ਵਿੱਚ ਜਾਗਰਤ ਹੋਏ ਸਿੱਖਾਂ ਨੇ ਫਤਹਿ ਦਿਵਸ ਦੀ ਉਪਾਧੀ ਨਾਲ ਮਨਾਇਆ ਹੈ ।

ਅਗਲੇ ਹੀ ਦਿਨ ਸਿੱਖ ਫੌਜਾਂ ਸਰਹਿੰਦ ਦੇ ਕਿਲੇ ਅਤੇ ਸ਼ਹਿਰ 'ਚ ਦਾਖਲ ਹੋ ਗਈਆਂ ਤੇ ਵਜ਼ੀਰ ਖਾਨ ਦੀ ਲਾਸ਼ ਅੱਗੇ ਰੱਖ ਕੇ ਜਲੂਸ ਕੱਢਿਆ। ਸਰਹਿੰਦ ਤੇ ਕਬਜ਼ਾ ਹੋ ਜਾਣ ਉਪਰੰਤ ਉਹਨਾਂ ਛੁਪੇ ਬੈਠੇ ਸੁੱਚਾ ਨੰਦ ਨੂੰ ਗ੍ਰਿਫਤਾਰ ਕਰ ਲਿਆ ਤੇ ਫਿਰ ਉਸ ਨੂੰ ਬੁਰੀ ਤਰ੍ਹਾਂ ਬੇਇਜ਼ਤ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਕਈ ਹਵੇਲੀਆਂ ਲੁੱਟ ਕੇ ਢਹਿ ਢੇਰੀ ਕਰ ਦਿੱਤੀਆਂ ਗਈਆਂ। ਸਿੱਖਾਂ ਨੂੰ ਇਸ ਫਤਹਿ ਨਾਲ ਜਿੱਥੇ ਬੇਅੰਤ ਧਨ ਦੌਲਤ ਹੱਥ ਲਗੇ ਉੱਥੇ ਅਨੇਕਾਂ ਤੋਪਾਂ, ਹਾਥੀ, ਘੋੜੇ ਤੇ ਕਈ ਪ੍ਰਕਾਰ ਦੇ ਜੰਗੀ ਸਮਾਨ ਨੂੰ ਵੀ ਕਬਜ਼ੇ ਵਿੱਚ ਲਿਆ ਜਿਸ ਨਾਲ ਬੰਦੇਈ ਫੌਜਾਂ ਦੀ ਸ਼ਕਤੀ ਵੀ ਕਈ ਗੁਣਾ ਵੱਧ ਗਈ।

ਸਰਹਿੰਦ ਦੀ ਇਤਿਹਾਸਿਕ ਜਿੱਤ ਤੋਨ ਬਾਅਦ ਬੰਦਾ ਸਿੰਘ ਨੇ ਇਸ ਸ਼ਹਿਰ ਤੇ ਇਲਾਕੇ ਦੇ ਪ੍ਰਬੰਧਕੀ ਕੰਮ ਦੀ ਜਿੰਮੇਵਾਰੀ ਆਪਣੇ ਦੋ ਸਾਥੀਆਂ ਬਾਜ਼ ਸਿੰੰਘ ਤੇ ਆਲੀ ਸਿੰਘ ਨੂੰ ਸੌਂਪ ਦਿੱਤੀ। ਇਸ ਸਮੇਂ ਵਿੱਚ ਉਸਨੇ ਸਭ ਤੋਂ ਪਹਿਲਾਂ ਦੋ ਕੰਮ ਇਹ ਕੀਤੇ:
੧,    ਜਿਮੀਂਦਾਰੀ  ਸਿਸਟਮ ਤੋਂ ਉਲਟ ਕਾਸ਼ਤਕਾਰ ਜਾਂ ਮੁਜਾਰੇ ਨੂੰ ਹੀ ਜਮੀਨ ਦਾ ਮਾਲਕ ਹੋਣ ਦਾ ਐਲਾਨ ਕਰਨਾ।
੨,    ਖਾਲਸੇ ਦੀ ਸਰਹਿੰਦ ਤੇ ਫਤਹਿ ਅਤੇ ਸਿੱਖ ਰਾਜ ਦੇ ਨਾਮ ਤੇ ਇੱਕ ਨਵੀਂ ਮੋਹਰ ਤੇ ਸਿੱਕਾ ਜਾਰੀ ਕਰਨਾ। ਮੋਹਰ ਦੇ ਸ਼ਬਦ     ਇਹ ਸਨ:
"ਦੇਗੋ-ਤੇਗੋ-ਫਤਹਿ-ਓ-ਨੁਸਰਤ ਬੇਦਿਰੰਗ ਯਾਫਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ"
ਸਰਹਿੰਦ 'ਚ ਵਜ਼ੀਰ ਖਾਨ ਅਤੇ ਉਸਦੇ ਸਾਥੀਆਂ ਨੂੰ ਪੂਰੀ ਤਰ੍ਹਾਂ ਤਬਾਹ ਕਰਨ ਨਾਲ ਭਾਵੇ ਬੰਦਾ ਸਿੰਘ ਆਪਣੇ ਮਿੱਥੇ ਟੀਚੇ ਵਿੱਚ ਪੂਰੀ ਤਰ੍ਹਾਂ ਸਫਲ ਹੋ ਗਿਆ ਸੀ, ਪ੍ਰੰਤੂ ਹੁਣ ਉਸਦਾ ਹੌਸਲਾ ਤੇ ਵਿਸ਼ਵਾਸ ਉਸਨੂੰ ਇੱਕ ਨਿਵੇਕਲਾ ਖਾਲਸਾ ਰਾਜ ਸਥਾਪਿਤ ਕਰਨ ਲਈ ਪ੍ਰੇਰ ਰਿਹਾ ਸੀ।

ਇਸ ਸਵੈਪ੍ਰੇਰਨਾ ਤੋਂ ਉਪਜੀ ਨਵੀਂ ਮੁਹਿੰਮ ਦੀ ਤਿਆਰੀ ਵਿੱਚ ਉਹ ਡੇਢ ਦੋ ਮਹੀਨੇ ਸਰਹਿੰਦ ਵਿੱਚ ਹੀ ਟਿਕਿਆ ਰਿਹਾ। ਇਨ੍ਹਾਂ ਦਿਨਾਂ ਵਿੱਚ ਹੀ ਬੰਦਾ ਸਿੰਘ ਨੇ ਆਪਣੇ ਸਾਥੀ ਸਿੰਘਾਂ ਦੀ ਪ੍ਰੇਰਨਾ ਸਹਿਤ ਸਿਆਲਕੋਟ ਪਿਛੋਕੜ ਦੇ ਇੱਕ ਪ੍ਰਵਾਰ ਦੀ ਬੇਟੀ ਸਾਹਿਬ ਕੌਰ ਨਾਲ ਵਿਆਹ ਵੀ ਕਰਵਾ ਲਿਆ। ਉਪਰੰਤ ਬੰਦਾ ਸਿੰਘ ਨੇ ਸਰਹਿੰਦ ਛੱਡ ਕੇ ਆਪਣਾ ਟਿਕਾਣਾ ਉੱਤਰ ਵਲ ਦੇ ਪਹਾੜੀ ਇਲਾਕੇ ਵਿੱਚ ਮੁਖਲਿਸ ਗੜ੍ਹ ਨੂੰ ਚੁਣਿਆ, ਜਿੱਥੇ ਉਸਨੇ ਕਾਫੀ ਅਸਲਾ ਆਦਿ ਜਮਾਂ ਕਰ ਲਿਆ ਸੀ ਅਤੇ ਇਸ ਥਾਂ ਦਾ ਨਵਾਂ ਨਾਮ ਕਿਲ੍ਹਾ ਲੋਹਗੜ੍ਹ ਰੱਖ ਦਿੱਤਾ ਸੀ। ਇਸੇ ਤਰ੍ਹਾਂ ਆਪਣੇ ਦੋ ਹੋਰ ਸਾਥੀ ਜਰਨੈਲ ਰਾਮ ਸਿੰਘ ਤੇ ਬਿਨੋਦ ਸਿੰਘ ਨੂੰ ਥਾਨੇਸਰ ਸ਼ਹਿਰ ਦੇ ਹਾਕਮ ਵੀ ਥਾਪ ਦਿੱਤਾ।  
   
ਹੁਣ ਬੰਦਾ ਸਿੰਘ ਦੇ ਨਿਸ਼ਾਨੇ ਤੇ ਕੁੱਝ ਜਮਨਾ ਪਾਰ ਦੇ ਇਲਾਕੇ ਸਨ। ਜਿਨ੍ਹਾਂ ਵਿੱਚੋਂ ਦਿਓਬੰਦ,ਸਹਾਰਨਪੁਰ ਅਤੇ ਜਲਾਲਾਬਾਦ ਛੇਤੀ ਹੀ ਸਿੱਖਾਂ ਦੇ ਕਬਜ਼ੇ ਵਿੱਚ ਆ ਗਏ। ਅਸਲ ਵਿੱਚ ਸਰਹਿੰਦ ਦੀ ਤਬਾਹੀ ਤੋਂ ਬਾਅਦ ਬੰਦਾ ਸਿੰਘ ਦੀ ਸ਼ਕਤੀ ਦਾ ਭੈ ਇਨ੍ਹਾਂ ਇਲਾਕਿਆਂ ਦੇ ਮੁਸਲਮਾਨ ਫੋਜਦਾਰਾਂ/ਹਾਕਮਾਂ ਵਿੱਚ ਇਤਨਾ ਵੱਧ ਚੁੱਕਾ ਸੀ ਕਿ ਉਹ ਖਾਲਸਾ ਫੌਜ ਦੇ ਪਹੁੰਚਣ ਤੋਂ ਪਹਿਲਾਂ ਹੀ ਸ਼ਹਿਰ ਛੱਡ ਦਿੱਲੀ ਜਾ ਵੜਦੇ ਸਨ। ਐਸਾ ਹੋਣ ਤੇ ਮੁਸਲਮਾਨ ਹਾਕਮਾਂ ਦੇ ਭੈੜੇ ਵਰਤਾਅ ਤੋਂ ਦੁੱਖੀ ਹਿੰਦੂ, ਅਤੇ ਇਲਾਕੇ ਦੇ ਹੋਰ ਗੁੱਜਰ ਜੱਟ/ਕਿਸਾਨ ਆਦਿ ਖੂਬ ਖੁਸ਼ ਹੁੰਦੇ ਤੇ ਲੁੱਟ ਮਾਰ ਸਾਹਿਤ ਸਿੱਖ ਫੌਜਾਂ ਦੀ ਹੱਲਾ ਸ਼ੇਰੀ ਵੀ ਕਰਦੇ। ਇਸ ਤਰ੍ਹਾਂ ਦਿੱਲੀ ਦੇ ਪੱਛਮੀ ਉੱਤਰੀ ਇਲਾਕਿਆਂ ਦਾ ਸੰਬੰਧ ਦਿੱਲੀ ਨਾਲੋਂ ਟੁੱਟਣ ਕਰਕੇ ਮੁਗਲ ਰਾਜ ਨੂੰ ਭਾਰੀ ਖਤਰਾ ਪੈਦਾ ਹੋ ਗਿਆ ਸੀ।

ਉੱਧਰ ਲਾਹੌਰ ਅਤੇ ਅੰਮ੍ਰਿਤਸਰ ਦੇ ਇਲਾਕੇ ਵਿੱਚ ਵੀ ਕੁੱਝ ਸਿੱਖ ਜੱਥੇ ਸਰਗਰਮ ਸਨ, ਜਿਨ੍ਹਾਂ ਦੀਆਂ ਸਥਾਨਕ ਜਿੱਤਾਂ ਕਰਕੇ ਸਿੱਖਾਂ ਦਾ ਦਬਦਬਾ, ਖਾਸ ਕਰ ਬਟਾਲਾ, ਕਲਾਨੌਰ, ਸਠਿਆਲਾ, ਘੁਮਾਣ ਤੇ ਕਾਲਾ ਅਫਗਾਨਾ ਨਗਰਾਂ ਵਿੱਚ ਕਾਫੀ ਵਧ ਗਿਆ ਸੀ। ਪ੍ਰੰਤੂ ਲਾਹੌਰ ਤੇ ਹਮਲਾ ਕਰਕੇ ਕਬਜ਼ਾ ਕਰਨਾ ਸਿੱਖਾਂ ਦੇ ਵਿੱਤ ਤੋਂ ਬਾਹਰ ਸੀ।

ਜਨਵਰੀ ੧੭੦੯ ਵਿੱਚ ਭਾਵੇਂ ਹੈਦਰਾਬਾਦ ਦੱਖਣ ਵੱਲ ਮੁਹਿੰਮ ਤੇ ਗਏ ਬਹਾਦਰ ਸ਼ਾਹ ਨੇ ਆਪਣੇ ਆਕੀ ਹੋਏ ਭਰਾ ਕਾਮਬਖਸ਼ ਨੂੰ ਕਤਲ ਕਰਦੇ ਹੀ ਦਿੱਲੀ ਵੱਲ ਮੁੜਨਾ ਸ਼ੁਰੂ ਕਰ ਦਿੱਤਾ ਸੀ, ਪੰ੍ਰਤੂ ਉਹ ਲਗਭਗ ਡੇਢ ਸਾਲ ਬਾਅਦ ਵੀ ਅਜਮੇਰ ਦੇ ਇਲਾਕੇ ਵਿੱਚ ਹੀ ਸੀ।  ਇੱਥੇ ਪਹੁੰਚ ਕੇ ਹੀ ਉਸ ਨੂੰ ਸਰਹਿੰਦ ਦੇ ਖੁਸ ਜਾਣ ਅਤੇ ਹੋਰ ਕਈ ਨਗਰਾਂ ਤੇ ਸਿੱਖਾਂ ਦੇ ਕਬਜੇ ਅਤੇ ਲੁੱਟਮਾਰ ਦੀਆਂ ਖਬਰਾਂ ਦੀ ਪੂਰੀ ਤਸਦੀਕ ਹੋਈ, ਅਤੇ ਪੰਜਾਬ ਵਿੱਚ ਦੇ ਹਾਲਾਤ ਦੀ ਗੰਭੀਰਤਾ ਦੀ ਸੋਝੀ ਹੋਈ। ਜੁਲਾਈ ੧੭੧੦ ਵਿੱਚ ਜਦੋਂ ਬਾਦਸ਼ਾਹ ਨੂੰ ਸਹਾਰਨਪੁਰ ਤੇ ਸਿੱਖਾਂ ਦੇ ਕਬਜ਼ੇ ਦੀ ਖਬਰ ਮਿਲੀ ਤਾਂ ਉਹ ਇੱਕ ਦਮ ਹਰਕਤ ਵਿੱਚ ਆ ਗਿਆ। ਹਰ ਦੂਜੇ ਚੌਥੇ ਦਿਨ ਫਰਮਾਨ ਜਾਰੀ ਹੋਣ ਲਗੇ, ਜੋ ਮੁਗਲ ਸੂਬੇਦਾਰਾਂ ਤੋਂ ਬਿਨਾ ਰਾਜਸਥਾਨ ਤੋਂ ਲੈ ਕੇ ਗੜ੍ਹਵਾਲ ਤੱਕ ਦੇ ਹਿੰਦੂ ਰਾਜਪੂਤ ਰਾਜਿਆਂ ਨੂੰ ਵੀ ਸਿੱਖਾਂ ਨੂੰ ਖਦੇੜਨ ਅਤੇ ਸਜ਼ਾ ਦੇਣ ਲਈ ਭੇਜੇ ਜਾਂਦੇ ਸਨ। ਬਹਾਦਰ ਸ਼ਾਹ ਨੇ ਆਪ ਵੀ ਦਿੱਲੀ ਵਾਪਸ ਜਾਣ ਦੀ ਬਜਾਏ ਸੋਨੀਪਤ ਵੱਲ ਨੂੰ ਆਪਣੀ ਸੈਨਾ ਦਾ ਮੂੰਹ ਮੋੜ ਲਿਆ।

ਇਸ ਤੋਂ ਪਹਿਲਾਂ ਬੰਦਾ ਸਿੰਘ ਵੀ ਸਹਾਰਨਪੁਰ ਅਤੇ ਆਲੇ ਦੁਆਲੇ ਦੇ ਇਲਾਕੇ ਵਿੱਚ ਆਪਣਾ ਦਬ ਦਬਾ ਕਾਇਮ ਕਰਕੇ ਵਾਪਸ ਲੋਹਗੜ ਪਰਤ ਆਇਆ ਸੀ। ਆਖਰ ਅਕਤੂਬਰ ੧੭੧੦ ਵਿੱਚ ਸ਼ਾਹੀ ਹੁਕਮ ਅਨੁਸਾਰ ਫਿਰੋਜ਼ਖਾਨ ਮਿਵਾਤੀ ਅਤੇ ਮਹਾਵਤ ਖਾਨ ਨੇ ਕੋਈ ਸੱਠ ਹਜ਼ਾਰ ਮੁਗਲ ਫੌਜਾਂ ਦੀ ਅਗਵਾਈ ਕਰਦੇ ਤਰਾਵੜੀ ਦੇ ਨੇੜੇ ਅਮੀਨ ਗੜ੍ਹ ਦੀ ਜੂਹ ਵਿੱਚ ਥਾਨੇਸਰ ਵਾਲੇ ਬਿਨੋਦ ਸਿੰਘ ਦੀਆਂ ਸਿੱਖ ਫੌਜਾਂ ਨੂੰ ਘੇਰ ਲਿਆ। ਸਿੱਖ ਫੋਜਾਂ ਨੇ ਬੜੀ ਬਹਾਦਰੀ ਨਾਲ ਮੁਕਾਬਲਾ ਕੀਤਾ, ਪੰ੍ਰਤੂ ਗਿਣਤੀ ਬਹੁਤ ਥੋੜੀ ਹੋਣ ਕਰਕੇ ਇਤਨੀ ਭਾਰੀ ਮੁਗਲ ਸੈਨਾ ਅੱਗੇ ਪੇਸ਼ ਨਹੀਂ ਗਈ ਤੇ ਬਹੁਤ ਸਾਰੇ ਸਿੱਖ ਸ਼ਹੀਦ ਹੋ ਗਏ। ਇਸ ਤਰ੍ਹਾਂ ਥਾਨੇਸਰ ਸਿੱਖਾਂ ਹੱਥੋਂ ਖੁੱਸ ਜਾਣ ਬਾਅਦ ਸਿੱਖ ਪਿੱਛੇ ਹੱਟਦੇ ਗਏ ਤੇ ਲੋਹਗੜ੍ਹ ਵੱਲ ਰੁੱਖ ਕਰ ਲਿਆ।

ਇਨ੍ਹਾਂ ਦਿਨਾਂ ਵਿੱਚ ਹੀ ਸੁਲਤਾਨਪੁਰ ਦੁਆਬੇ ਦੇ ਫੌਜਦਾਰ ਸ਼ਮਸ ਖਾਨ ਨੇ ਰਾਹੋਂ ਨਗਰ ਤੇ ਕਬਜ਼ਾ ਕਰੀ ਬੈਠੇ ਸਿੱਖਾਂ ਤੇ ਵੀ ਹਮਲਾ ਕਰ ਕੇ ਉਥੋਂ ਭੱਜਾ ਦਿੱਤਾ ਸੀ, ਅਤੇ ਹੁਣ ਉਸਨੇ ਬੜੇ ਹੌਸਲੇ ਨਾਲ ਸਰਹਿੰਦ ਵਲ ਰੁੱਖ ਕੀਤਾ। ਕੁੱਝ ਹੋਰ ਫੌਜਦਾਰ ਵੀ ਉਸ ਨਾਲ ਰਲ ਚੁੱਕੇ ਸਨ ਤੇ ਉਹ ਕਾਫੀ ਸ਼ਕਤੀਸ਼ਾਲੀ ਹੋ ਗਿਆ ਸੀ। ਅਕਤੂਬਰ ਦੇ ਦੂਜੇ ਹਫਤੇ ਉਸ ਦੀਆਂ ਫੌਜਾਂ ਨੇ ਸਰਹਿੰਦ ਨੂੰ ਘੇਰ ਲਿਆ । ਭਾਈ ਬਾਜ਼ ਸਿੰਘ ਸਰਹਿੰਦ ਵਿੱਚ ਨਹੀਂ ਸੀ। ਪ੍ਰੰਤੂ ਉਸ ਦੇ ਸਾਥੀ ਸੁੱਖਾ ਸਿੰਘ ਤੇ ਸ਼ਾਮ ਸਿੰਘ ਨੇ ਆਪਣੇ ਸਿੱਖ ਦਸਤਿਆਂ ਨਾਲ ਡੱਟ ਕੇ ਮੁਕਾਬਲਾ ਕੀਤਾ, ਜਿਸ ਵਿੱਚ ਸੁੱਖਾ ਸਿੰਘ ਸ਼ਹੀਦ ਹੋ ਗਿਆ ਤੇ ਸਿੱਖ ਪਿੱਛੇ ਹੱਟਦੇ ਤੇ ਆਖਰ ਸਰਹਿੰਦ ਛੱਡ ਕੇ ਖਰੜ ਵਲ ਨਿੱਕਲ ਗਏ। ਇਹ ਸਿੱਖਾਂ ਦੀ ਤੀਜੀ ਹਾਰ ਸੀ।

ਇਤਨੇ ਵਿੱਚ ਬਹਾਦਰ ਸ਼ਾਹ ਵੀ ਆਪਣੀ ਸੈਨਾ ਨਾਲ ਸੋਨੀਪੱਤ ਤੋਂ ਕਰਨਾਲ ਹੁੰਦਾ ਹੋਇਆ ਸਢੌਰੇ ਵਲ ਵਧ ਰਿਹਾ ਸੀ, ਪ੍ਰੰਤੂ ਉਸ ਦੇ ਪਹੁੰਚਣ ਤੋਂ ਪਹਿਲਾਂ ਹੀ ਫਿਰੋਜ਼ ਖਾਨ ਮਿਵਾਤੀ ਨੇ ਥਾਨੇਸਰ ਜਿੱਤਣ ਉਪਰੰਤ ਸਢੌਰਾ ਵੀ ਸਿੱਖਾਂ ਹੱਥੋਂ ਵਾਪਸ ਖੋਹ ਲਿਆ ਸੀ। ੨੫ ਨਵੰਬਰ ੧੭੧੦ ਨੂੰ ਸਢੌਰੇ ਪਹੁੰਚ ਕੇ ਬਾਦਸ਼ਾਹ ਨੇ ਆਪਣੇ ਜੇਤੂ ਫੌਜਦਾਰਾਂ ਨੂੰ ਇਨਾਮ ਵੰਡੇ ਅਤੇ ਲੋਹਗੜ੍ਹ ਤੇ ਹਮਲੇ ਲਈ ਤਿਆਰੀ ਸ਼ੁਰੂ ਕਰ ਦਿੱਤੀ। ੩੦ ਨਵੰਬਰ ੧੭੧੦ ਨੂੰ ਸ਼ਾਹੀ ਫੌਜਾਂ ਨੇ ਲੋਹਗੜ੍ਹ ਦੇ ਕਿਲੇ ਨੂੰ ਘੇਰਾ ਪਾ ਲਿਆ । ਪ੍ਰੰਤੂ ਬੰਦਾ ਸਿੰਘ ਆਪਣੇ ਸਾਥੀਆਂ ਸਮੇਤ ਇੱਥੋ ਬਚ ਕੇ ਨਿਕਲਣ ਵਿੱਚ ਸਫਲ ਹੋ ਗਿਆ ਤੇ ਨਾਹਣ ਇਲਾਕੇ ਵਿੱਚ ਅਲੋਪ ਹੋ ਗਿਆ। ਸਿੱਖ ਫੌਜੀ ਜੱਥੇ ਵੀ ਇਧਰ ਉਧਰ ਖਿੰਡ ਗਏ ਜਾਂ ਆਪੋ ਆਪਣੇ ਘਰੀਂ ਪਰਤ ਗਏ।

ਕੁੱਝ ਕੁ ਮਹੀਨਿਆਂ ਦੇ ਟਿਕਾਅ ਮਗਰੋਂ ਬੰਦਾ ਸਿੰਘ ਨੇ ਫਿਰ ਕੁੱਝ ਸਾਥੀ ਇਕੱਠੇ ਕਰ ਕੇ ਬਿਲਾਸ ਪੁਰ ਦੇ ਰਾਜੇ ਦੇ ਕਿਲ੍ਹਾ ਤੇ ਕਬਜ਼ਾ ਕਰ ਲਿਆ ਅਤੇ ਇਸ ਦੇ ਮਗਰੋਂ ਮੰਡੀ, ਹਰੀ ਪੁਰ ਤੇ ਗੁਲੇਰ ਦੇ ਰਾਜਿਆਂ ਨੇ ਵੀ ਬੰਦਾ ਸਿੰਘ ਦੀ ਅਧੀਨਗੀ ਕਬੂਲ ਕਰ ਲਈ। ਉਪਰੰਤ ਬੰਦਾ ਸਿੰਘ ਕੁੱਲੂ ਵਲ ਨਿਕਲ ਗਿਆ ਤੇ ਫਿਰ ਜਦੋਂ ਉਹ ਚੰਬਾ ਪਹੁੰਚਿਆ ਤੇ ਉਥੋਂ ਦੇ ਰਾਜੇ ਉਦੈ ਸਿੰਘ ਨੇ ਆਪਣੀ ਧੀ ਸ਼ੁਸ਼ੀਲ ਦਾ ਉਸ ਨਾਲ ਵਿਆਹ ਵੀ ਕਰ ਦਿੱਤਾ, ਜਿਸ ਤੋਂ ਅੱਗੋਂ ਅਜੈ ਸਿੰਘ ਪੁੱਤਰ ਪੈਦਾ ਹੋਇਆ।

ਇਨ੍ਹ ਦਿਨਾਂ ਵਿੱਚ ਕੁਤਬਦੀਨ ਉਰਫ ਬਾਇਜ਼ੀਦ ਖਾਨ ਜੰਮੂ ਦਾ ਫੌਜਦਾਰ ਸੀ, ਉਸਨੇ ਆਸ ਪਾਸ ਦੇ ਪਹਾੜੀ ਇਲਾਕੇ ਵਿੱਚ ਮੁੜ ਇਕੱਠੇ ਹੋ ਰਹੇ ਸਿੱਖਾਂ ਨੂੰ ਖਦੇੜਨ ਲਈ ਆਪਣੇ ਸੁਲਤਾਨ ਪੁਰ ਵਾਲੇ ਭਤੀਜੇ ਸ਼ਮਸਖਾਨ ਦੀ ਸ਼ਹਿ ਤੇ ਹਮਲਾ ਕਰ ਦਿੱਤਾ। ਸਿੱਖ ਬਿਨਾਂ ਕਿਸੇ ਟੱਕਰ ਤੋਂ ਇੱਧਰ ਉੱਧਰ ਹੋ ਗਏ, ਪੰ੍ਰਤੂ ਬਾਅਦ ਵਿੱਚ ਧਾਕ ਲਾ ਕੇ, ਮੁੜੇ ਜਾਂਦੇ ਸ਼ਮਸਖਾਨ ਤੇ ਅਚਾਨਕ ਹਮਲਾ ਕਰ ਦਿੱਤਾ ਜਿਸ ਵਿੱਚ ਉਹ ਮਾਰਿਆ ਗਿਆ। ਸਿੱਖ ਜੱਥਿਆਂ ਦੇ ਹੌਸਲੇ ਇੱਕ ਵਾਰ ਫੇਰ ਵਧਣ ਨਾਲ ਹੁਣ ਬੰਦਾ ਸਿੰਘ ਨੇ ਵੀ ਪੰਜਾਬ ਵਲ ਮੂੰਹ ਕੀਤਾ ਤੇ ਕੁੱਝ ਸਮੇਂ ਬਾਅਦ ਬਟਾਲਾ ਤੇ ਫਿਰ ਕਲਾਨੌਰ ਤੱਕ ਦਾ ਬੂਹਾ ਖੜਕਾ ਦਿੱਤਾ।

ਉਧਰ, ਬਹਾਦਰ ਸ਼ਾਹ ਨੇ ਬੰਦਾ ਸਿੰਘ ਦੀ ਚੰਬੇ ਵਿੱਚ ਹੋਣ ਦੀ ਭਿਣਕ ਪੈਣ ਤੇ ਉਸਦੇ ਖਿਲਾਫ ਹਰ ਤਰ੍ਹਾਂ ਦੀ ਮੁਹਿੰਮ ਤੇ ਕਾਰਵਾਈਆਂ ਸ਼ੁਰੂ ਕਰ ਦਿੱਤੀਆਂ ਸਨ। ਅਗੱਸਤ ੧੭੧੧ ਵਿੱਚ ਲਾਹੌਰ ਪਹੁੰਚਣ ਤੇ ਬਾਦਸ਼ਾਹ ਨੂੰ ਹਰ ਰੋਜ਼ ਵੱਖ ਵੱਖ ਸੋਮਿਆਂ ਤੋਂ ਰਿਪੋਰਟਾਂ ਆਉਣ ਲਗੀਆਂ । ਉਸਨੇ ਖੁੱਦ ਆਪ ਹੀ ਲਾਹੌਰ ਰਹਿ ਕੇ ਪੰਜਾਬ ਵਿੱਚ ਦੀ ਗੜ ਬੜ ਨੂੰ ਕੁਚਲਣ ਦਾ ਫੈਸਲਾ ਕਰ ਲਿਆ। ਸਿੱਖਾਂ ਵਿੱਚ ਵੀ ਪਾੜ ਪਾਉਣ ਦੀਆਂ ਕੋਸ਼ਿਸਾਂ ਹੋਣ ਲਗਆਿਂ । ਐਸਾ ਕਰਨ ਲਈ ਉਸਨੇ ਹਰ ਵਿਧੀ ਵਰਤੀ। ਇਨ੍ਹਾਂ ਵਿੱਚ ਮਾਤਾ ਸੁੰਦਰੀ ਜੀ ਦੇ ਪਾਲਤ ਪੁੱਤਰ ਅਜੀਤ ਸਿਘ ਨੂੰ ਵੀ ਲਾਹੌਰ ਵਿਖੇ ਦਰਬਾਰ ਵਿੱਚ ਬੁਲਾ ਕੇ ਕੁੱਝ ਮੋਹਰਾਂ ਤੇ ਜਗੀਰ ਦੇਣ ਦੀ ਗੱਲ ਵੀ ਸ਼ਾਮਲ ਹੈ।

ਪ੍ਰੰਤੂ ਬਹਾਦਰ ਸ਼ਾਹ ਪਹਿਲਾਂ ਹੀ ਆਪਣੀ ਦੱਖਣੀ ਮੁਹਿੰਮ ਤੋਂ ਪੂਰੀ ਤਰ੍ਹਾਂ ਥੱਕ ਚੁੱਕਾ ਸੀ। ਇਥੋਂ ਦੀ ਵਿਗੜੀ ਹੋਈ ਹਾਲਤ ਨਾਲ ਉਸਦੀ ਮਾਨਸਿਕ ਪ੍ਰੇਸ਼ਾਨੀ ਹੋਰ ਵੱਧ ਗਈ ਸੀ।  ਉਹ ਦਿਨੋਂ ਦਿਨ ਕਮਜੋਰ ਹੋ ਰਿਹਾ ਸੀ ਅਤੇ ਕੁੱਝ ਬਿਮਾਰ ਰਹਿਣ ਲੱਗ ਪਿਆ। ਆਖਰ ੨੮ ਫਰਵਰੀ ੧੭੧੨ ਨੂੰ ਉਹ ਲਾਹੌਰ ਵਿੱਚ ਹੀ ਚਲ ਵਸਿਆ। ਬਹਾਦਰ ਸ਼ਾਹ ਦੀ ਮੌਤ ਤੋਂ ਬਾਅਦ ਉਸਦੇ ਚਾਰੇ ਪੁੱਤਰਾਂ ਵਿੱਚ ਦਿੱਲੀ ਦੇ ਤਖਤ ਦੀ ਜੰਗ ਛਿੜ ਗਈ। ਲਗਭਗ ਇੱਕ ਮਹੀਨੇ ਪਿਛੋਂ ਜਹਾਂਦਾਰ ਸ਼ਾਹ ਨੇ ਆਪਣੇ ਤਿੰਨ ਭਰਾਵਾਂ ਤੇ ਦੋ ਭਤੀਜਿਆਂ ਨੂੰ ਮਾਰ ਮੁਕਾ ਕੇ ੨੩ ਮਾਰਚ ੧੭੧੨ ਨੂੰ ਰਸਮੀ ਤੌਰ ਤੇ ਦਿੱਲੀ ਦਾ ਬਾਦਸ਼ਾਹ ਹੋਣ ਦਾ ਐਲਾਨ ਕਰ ਦਿੱਤਾ। ਪ੍ਰੰਤੂ ਉਸਦਾ ਇੱਕ ਹੋਰ ਭਤੀਜਾ ਫਰਖਸ਼ੀਅਰ ਪਟਨੇ ਵਿੱਚ ਹੀ ਡਟਿਆ ਰਿਹਾ।

ਮੁਗਲ ਭਰਾਵਾਂ ਵਿੱਚ ਤਖਤ ਲਈ ਜੰਗ ਹੋਣ ਕਰਕੇ ਸਿੱਖਾਂ ਵਿਰੁੱਧ ਭੇਜੇ ਗਏ ਫੌਜਦਾਰ ਆਪੋ ਆਪਣੇ ਦਸਤਿਆਂ ਸਮੇਤ ਵੱਖ ਵੱਖ ਧਿਰਾਂ ਦੀ ਮੱਦਦ ਲਈ ਵਾਪਸ ਚਲੇ ਗਏ ਸਨ। ਇਸ ਲਈ ਸਿੱਖਾਂ ਨੂੰ ਫਿਰ ਤੋਂ ਇੱਕ ਜੁੱਟ ਹੋਣ ਦਾ ਚੰਗਾ ਮੌਕਾ ਮਿਲ ਗਿਆ। ਬੰਦਾ ਸਿੰਘ ਨੇ ਵੀ ਇੱਕ ਵਾਰ ਫਿਰ ਰਿਆਸੀ (ਜੰਮੂ) ਤੋਂ ਪੰਜਾਬ ਆ ਕੇ ਸਢੌਰਾ ਅਤੇ ਲੋਹਗੜ੍ਹ ਦੇ ਕਿਲਿਆਂ ਤੇ ਕਬਜ਼ਾ ਕਰ ਲਿਆ। ਇਸ ਤਰ੍ਹਾਂ ਪੰਜ ਛੇ ਮਹੀਨੇ ਸਿੱਖਾਂ ਦਾ ਦਬ ਦਬਾ ਕਾਇਮ ਰਿਹਾ, ਪ੍ਰੰਤੂ ਸਤੰਬਰ ੧੭੧੨ ਵਿੱਚ ਮੁਗਲ ਫੌਜਾਂ ਦੀ ਸ਼ਕਤੀ ਦੀ ਤਾਬ ਨਾ ਝੱਲਦੇ ਹੋਏ ਬੰਦਾ ਸਿੰਘ ਨੂੰ ਲੋਹਗੜ੍ਹ ਤੇ ਸਢੌਰਾ ਖਾਲੀ ਕਰਨੇ ਪਏ, ਭਾਵੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਸਿੱਖਾਂ ਦਾ ਭੈ ਅਜੇ ਕਾਇਮ ਹੀ ਰਿਹਾ।  

ਯਾਦ ਰਹੇ ਕਿ ਬੰਦਾ ਸਿੰਘ ਦੀ ਕੋਈ ਪੱਕੀ ਭਰਤੀ ਕੀਤੀ ਫੌਜ ਨਹੀਂ ਸੀ। ਲੜਾਕੂ ਸਿੱਖ ਜੱਥੇ ਬਣਾ ਕੇ ਘੁੰਮਦੇ ਵਿਚਰਦੇ ਤੇ ਮੌਕਾ ਮਿਲਣ ਤੇ ਆਪਣੇ ਰਸਦ ਰਸਾਲੇ ਲਈ ਮਾਰ ਧਾੜ ਕਰਦੇ ਸਨ। ਕਈ ਇਕੱਠੇ ਹੋ ਕੇ ਮੁਗਲ ਟਿਕਾਣਿਆਂ ਅਤੇ ਕਿਲਿਆਂ ਤੇ ਹਮਲਾ ਕਰ ਕੇ ਕਬਜ਼ਾ ਵੀ ਕਰ ਲੈਂਦੇ ਸਨ। ਜਿਨ੍ਹਾਂ ਨੂੰ ਛਡਾਉਣ ਵਿੱਚ ਮੁਗਲਾਂ ਦੇ ਕਈ ਕਈ ਮਹੀਨੇ ਵੀ ਲਗ ਜਾਂਦੇ, ਜਿਵੇਂ ਕਿ ਸਢੌਰਾ ਤੇ ਲੋਹਗੜ੍ਹ ਦੇ ਕਿਲੇ ਬਾਰ ਬਾਰ ਸਿੱਖਾਂ ਦੇ ਕਬਜ਼ੇ ਵਿੱਚ ਆਉਂਦੇ ਰਹੇ ਤੇ ਖੁਸਦੇ ਵੀ ਰਹੇ।

ਨਵੰਬਰ ੧੭੧੨ ਵਿੱਚ ਜਹਾਂਦਾਰ ਬਾਦਸ਼ਾਹ ਦੇ ਪਟਨੇ ਵਾਲੇ ਭਤੀਜੇ ਫਰਖਸ਼ੀਅਰ ਨੇ ਕੁੱਝ ਸਈਅਦ ਸਰਦਾਰਾਂ ਨੂੰ ਅਹੁਦਿਆਂ ਦੇ ਲਾਲਚ ਨਾਲ ਗੰਢ ਕੇ ਇੱਕ ਤਕੜੀ ਫੌਜ ਤਿਆਰ ਕਰ ਲਈ, ਅਤੇ ਦਿੱਲੀ ਤੇ ਹਮਲਾ ਕਰਨ ਲਈ ਆਗਰੇ ਪਹੁੰਚ ਗਿਆ। ਉਸ ਨੂੰ ਰੋਕਣ ਲਈ ਬਾਦਸ਼ਾਹ ਜਹਾਂਦਾਰ ਖੁਦ ਆਪਣੇ ਜਰਨੈਲਾਂ ਨਾਲ ਮੈਦਾਨੇ ਜੰਗ ਵਿੱਚ ਆਇਆ, ਪੰ੍ਰਤੂ ਦਿੱਲੀ ਦੀ ਫੌਜ ਮਾਰ ਖਾ ਗਈ, ਬਾਦਸ਼ਾਹ ਭੱਜ ਕੇ ਦਿੱਲੀ ਜਾ ਵੜਿਆ। ਆਖਿਰ ੩੧ ਜਨਵਰੀ ੧੭੧੩ ਨੂੰ ਜਹਾਂਦਾਰ ਸ਼ਾਹ ਨੂੰ ਕਤਲ ਕਰਕੇ ਫਰਖਸ਼ੀਅਰ ਦਿੱਲੀ ਦੇ ਤਖਤ ਤੇ ਜਾ ਬੈਠਾ।  

ਇਤਨੇ ਵਿੱਚ ਸਿੱਖਾਂ ਨੇ ਫਿਰ ਲੋਹਗੜ੍ਹ ਅਤੇ ਸਢੌਰਾ ਦੇ ਕਿਲੇ ਤੇ ਕਬਜ਼ਾ ਕਰ ਲਿਆ। ਹੁਣ ਫਖਸ਼ੀਅਰ ਨੇ ਆਪਣੇ ਵਿਰੋਧੀਆਂ ਨੂੰ ਮਾਰ ਮੁਕਾਉਣ ਤੋਂ ਬਾਅਦ ਪੰਜਾਬ ਵਿੱਚ ਸਿੱਖਾਂ ਵਲੋਂ ਪੈਦਾ ਹੋਏ ਖਤਰੇ ਨੂੰ ਨਜਿਠਣ ਦਾ ਫੈਸਲਾ ਕੀਤਾ। ਇਸ ਕੰਮ ਲਈ ਉਸਨੇ ਅਗਲੇ ਮਹੀਨੇ ਹੀ ਫਰਵਰੀ ਵਿੱਚ ਅਬਦੁਲ ਸਮਦ ਖਾਨ ਨੂੰ ਪਹਿਲਾਂ ਜੰਮੂ ਅਤੇ ਫਿਰ ਨਾਲ ਹੀ ਲਾਹੌਰ ਦਾ ਹਾਕਮ ਥਾਪ ਦਿੱਤਾ ਤਾਂ ਕਿ ਉਹ ਸਿੱਖਾਂ ਦਾ ਸਫਾਇਆ ਕਰਨ ਵਿੱਚ ਕੋਈ ਕਸਰ ਨਾ ਛੱਡੇ।

ਜੂਨ ੧੭੧੩ ਵਿੱਚ ਅਬਦੁਲ ਸਮਦ ਖਾਨ ਅਤੇ ਉਸਦੇ ਸਾਥੀ ਜਰਨੈਲਾਂ ਦੀਆਂ ਫੌਜਾਂ ਨੇ ਸਢੌਰੇ ਦੇ ਕਿਲੇ ਨੂੰ ਘੇਰ ਲਿਆ ਅਤੇ ਤੋਪਾਂ ਦੁਆਰਾ ਗੋਲਾਬਾਰੀ ਸ਼ੁਰੂ ਕਰ ਦਿੱਤੀ। ਕੁੱਝ ਦਿਨਾਂ ਵਿੱਚ ਹੀ ਅਣਗਿਣਤ ਸ਼ਾਹੀ ਫੋਜਾਂ ਤੇ ਗੋਲਾਬਾਰੀ ਦਾ ਕਹਿਰ ਝਲਦੇ ਤੇ ਸ਼ਹੀਦੀਆਂ ਪਾਉਂਦੇ ਹੋਏ  ਸਿੱਖ ਯੋਧੇ ਕਿਲਾ ਛੱਡ ਕੇ ਪਹਾੜੀ ਇਲਾਕੇ ਵਿੱਚ ਖਿੰਡ ਗਏ । ਪ੍ਰੰਤੂ ਮੁਗਲ ਫੌਜਾਂ ਵਲੋਂ ਕਿਲੇ ਨੂੰ ਢਹਿ ਢੇਰੀ ਕਰ ਕੇ ਵਾਪਸ ਹੋ ਜਾਣ ਉਪਰੰਤ ਬੰਦਾ ਸਿੰਘ ਨੇ ਫਿਰ ਤੋਂ ਲੋਹਗੜ੍ਹ ਨੂੰ ਆਪਣੀ ਛਾਉਣੀ ਬਣਾ ਕੇ ਕਿਲੇ ਨੂੰ ਮਜ਼ਬੂਤ ਕਰਨਾ ਸ਼ੁਰੂ ਕਰ ਦਿੱਤਾ। ਇਸ ਗਲ ਦੀ ਤਸਦੀਕ ਹੋਣ ਤੇ ਨਵੰਬਰ ੧੭੧੩ ਵਿੱਚ ਸਰਹਿੰਦ ਦੇ ਸੂਬੇਦਾਰ ਅਬਦੁਲ ਸਮੰਦ ਖਾਨ ਨੇ ਇੱਕ ਵਾਰ ਫਿਰ ਇਲਾਕੇ ਦੇ ਮੁਗਲ ਫੌਜਦਾਰਾਂ ਦੀ ਮਦੱਦ ਨਾਲ ਇੱਕ ਵੱਡੀ ਫੌਜ ਲੈਕੇ ਫਿਰ ਲੋਹਗੜ੍ਹ ਨੂੰ ਘੇਰਾ ਪਾ ਲਿਆ। ਸਿੰਘਾਂ ਨੇ ਵੀ ਥੋੜਾ ਬਹੁਤ ਟਾਕਰਾ ਕਰ ਕੇ ਉਥੋਂ ਖਿਸਕਣਾ ਹੀ ਠੀਕ ਸਮਝਿਆ।

ਲੋਹਗੜ੍ਹ ਛੱਡਣ ਤੋਂ ਬਾਅਦ, ਬੰਦਾ ਸਿੰਘ ਤੇ ਹੋਰ ਸਿੱਖ ਜੱਥੇ ਲੱਗ ਭੱਗ ਸਾਲ ਭਰ ਚੰਭੇ ਤੋਂ ਲੈ ਕੇ ਗੜਵਾਲ ਤੱਕ ਦੇ ਪਹਾੜੀ ਇਲਾਕਿਆਂ ਵਿੱਚ ਹੀ ਵਿਚਰਦੇ ਰਹੇ, ਪ੍ਰੰਤੂ ਉਹ ਆਪਣਾ ਦਬ ਦਬਾ ਬਣਾਈ ਰੱਖਣ ਲਈ ਮੌਕਾ ਮਿਲਣ ਤੇ ਸ਼ਾਹੀ ਖਜਾਨੇ ਤੇ ਅਸਲੇ ਦੀ ਲੁੱਟ ਮਾਰ ਵੀ ਕਰ ਲੈਂਦੇ ਸਨ। ਆਖਰ ੧੭੧੫ ਦੇ ਸ਼ੁਰੂ ਵਿੱਚ ਬੰਦਾ ਸਿੰਘ ਇੱਕ ਵਾਰ ਫਿਰ ਪੰਜਾਬ ਵਿੱਚ ਦਾਖਲ ਹੋ ਗਿਆ, ਜਿਸ ਤੇ ਕਈ ਹੋਰ ਸਿੱਖ ਜੱਥੇ ਵੀ ਉਸ ਨਾਲ ਆ ਰਲੇ। ਫਰਵਰੀ ੧੭੧੫ ਵਿੱਚ ਉਸਨੇ ਕਲਾਨੌਰ ਤੇ ਹਮਲਾ ਕਰਕੇ ਉਥੋਂ ਦੇ ਫੋਜਦਾਰ ਨੂੰ ਭਜਾ ਦਿੱਤਾ ਤੇ ਸ਼ਹਿਰ ਤੇ ਕਬਜ਼ਾ ਕਰ ਲਿਆ । ਉਪਰੰਤ ਬਟਾਲੇ ਤੇ ਰਾਏਪੁਰ ਨਗਰਾਂ ਦੇ ਢਨਾਡਾਂ ਦੀ ਵੀ ਬੇ ਰੋਕ ਟੋਕ ਲੁੱਟ ਮਾਰ ਕੀਤੀ। ਇਹ ਖਬਰਾਂ ਦਿੱਲੀ ਪੁੱਜਣ ਤੇ ਬਾਦਸ਼ਾਹ ਫਰਖਸੀਅਰ ਨੇ ਫੌਰਨ ਕਾਰਵਾਈ ਕਰਨ ਲਈ ਪੰਜਾਬ ਦੇ ਮਨਸਬਦਾਰਾ ਤੇ ਫੌਜਦਾਰਾਂ ਨੂੰ ਹੁਕਮ ਜਾਰੀ ਕੀਤੇ, ਅਤੇ ਦਿੱਲੀ ਤੋਂ ਵੀ ਦਸ ਬਾਰਾਂ ਹਜ਼ਾਰ ਘੋੜ ਸਵਾਰ ਫੌਜੀ ਤੇ ਜੰਗੀ ਸਮਾਨ ਭੇਜਿਆ ।  
ਮਾਰਚ ੧੭੧੫ ਦੇ ਅਖੀਰ ਤੱਕ ਮਾਰੋ ਮਾਰੀ ਕਰਦੀਆਂ ਆ ਰਹੀਆਂ ਸ਼ਾਹੀ ਫੌਜਾਂ ਨੇ ਬੰਦਾ ਸਿੰਘ ਨੂੰ ਬਟਾਲੇ ਅਤੇ ਕਲਾਨੌਰ ਵਿਚਾਲੇ ਇੱੱਕ ਪਿੰਡ 'ਕੋਟ ਮਿਰਜ਼ਾ ਖਾਨ' ਵਿੱਚ ਦਬੋਚਣਾ ਚਾਹਿਆ। ਪ੍ਰੰਤੂ ਉਹ aਨ੍ਹਾਂ ਦੇ ਆਉਣ ਤੋਂ ਪਹਿਲਾਂ ਹੀ ਗੁਰਦਾਸਪੁਰ ਦੇ ਨੇੜੇ ਇੱਕ ਪਿੰਡ ਗੁਰਦਾਸ ਨੰਗਲ ਦੀ ਗੜ੍ਹੀ ਵਿੱਚ ਜਾ ਵੜਿਆ। ਪਿਛਾ ਕਰਦੀਆਂ ਸ਼ਾਹੀ ਫੌਜਾਂ ਨੇ ਉਥੇ ਪਹੁੰਚ ਕੇ ਘੇਰਾ ਪਾ ਲਿਆ। ਗੜ੍ਹੀ ਛੋਟੀ ਹੋਣ ਕਾਰਨ ਬੰਦਾ ਸਿੰਘ ਦੇ ਨਾਲ ਦੇ ਚਾਰ ਪੰਜ ਹਜ਼ਾਰ ਸਿੱਖ ਸੈਨਕਾਂ ਵਿਚੋਂ ਮਸਾਂ ਹਜ਼ਾਰ ਕੁ ਯੋਧੇ ਹੀ ਉਸ ਗੜ੍ਹੀ ਵਿੱਚ ਸਮਾ ਸਕਦੇ ਸਨ। ਸੋ ਬਾਕੀ ਦੇ ਸਿੰਘਾਂ ਨੇ ਸ਼ਾਹੀ ਫੌਜਾਂ ਦਾ ਮੁਕਾਬਲਾ ਕਰਦੇ ਹੋਏ ਘੇਰਾ ਤੋੜ ਕੇ ਭੱਜ ਨਿਕਲਣਾ ਹੀ ਠੀਕ ਸਮਝਿਆ। ਐਸਾ ਕਰਦੇ ਸਮੇਂ ਸਿੱਖ ਯੋਧੇ ਭਾਰੀ ਗਿਣਤੀ ਵਿੱਚ ਸ਼ਹੀਦ ਵੀ ਹੋ ਗਏ।

ਮੁਗਲ ਫੌਜਾਂ ਦੇ ਨਾਲ ਲਾਹੌਰ ਤੇ ਸਰਹਿੰਦ ਦੇ ਸੂਬੇਦਾਰ ਤੇ ਕੁੱੱਝ ਹਿੰਦੂ ਰਾਜਿਆਂ ਦੀਆਂ ਫੌਜਾਂ ਦੁਆਰਾ ਇਹ ਘੇਰਾ ਲੱਗ ਭੱਗ ਅੱਠ ਮਹੀਨੇ ਜਾਰੀ ਰਿਹਾ। ਗੜ੍ਹੀ ਅੰਦਰੋਂ ਪਹਿਲਾਂ ਪਹਿਲਾਂ ਤਾਂ ਸਿੱਖਾਂ ਨੂੰ ਰਾਤ ਬਰਾਤੇ ਕੁੱਝ ਦਾਣਾ ਪਾਣੀ ਬਾਹਰੋਂ ਲਿਆਉਣ ਵਿੱਚ ਸਫਲਤਾ ਮਿਲਦੀ ਰਹੀ, ਪ੍ਰੰਤੂ ਫਿਰ ਇਸ ਮੱਦਦ ਤੱਕ ਪਹੁੰਚਣਾ ਵੀ ਮੁਹਾਲ ਹੋ ਗਿਆ। ਆਖਰ ਜਦੋਂ ਭੁੱਖ ਤੇ ਬਿਮਾਰੀਆਂ ਨਾਲ ਸਿੱਖਾਂ ਵਿੱਚ ਲੜ ਮਰਨ ਦੀ ਸੱਤਿਆ ਵੀ ਜਾਂਦੀ ਰਹੀ ਤਾਂ ਸ਼ਾਹੀ ਫੌਜਾਂ ਨੇ ਉਨ੍ਹਾਂ ਤੇ ਹਮਲਾ ਕਰਕੇ ਕਾਬੂ ਕਰ ਲਿਆ। ਸਾਰਿਆਂ ਨੂੰ ਬੇੜੀਆਂ, ਜ਼ੰਜੀਰਾਂ ਨਾਲ ਜਕੜ ਕੇ ਪਹਿਲਾਂ ਲਾਹੌਰ ਤੇ ਫਿਰ ਸਰਹਿੰਦ ਦੇ ਰਸਤੇ ਦਿੱਲੀ ਲੈ ਜਾਇਆ ਗਿਆ।

ਇੱਕ ਸੋਮੇਂ ਅਨੁਸਾਰ ਬੰਦਾ ਸਿੰਘ ਦੇ ਨਾਲ, ਉਸਦਾ ਚਾਰ ਸਾਲ ਦਾ ਪੁੱਤਰ ਅਜੈ ਸਿੰਘ, ਉਸਦੀ ਚੰਬੇ ਵਾਲੀ ਪਤਨੀ ਤੇ ਉਸਦੀ ਗੋਲੀ ਅਤੇ ੭੪੦ ਸਿੰਘ ਗ੍ਰਿਫਤਾਰ ਕੀਤੇ ਗਏ। ਇਨ੍ਹਾਂ ਤੋਂ ਬਿਨਾਂ ਥਾਂ ਥਾਂ ਤੋਂ ਇਕੱਠੇ ਕੀਤੇ ਲੱਗ ਭੱਗ ਦੋ ਹਜ਼ਾਰ ਸਿੱਖਾਂ ਦੇ ਸਿਰ ਵੀ ਨੇਜਿਆਂ ਤੇ ਟੰਗ ਕੇ ਅਬਦੁਲ ਸਮਦ ਖਾਂ ਦੇ ਪੁੱਤਰ ਜ਼ਕਰੀਆ ਖਾਨ ਦੀ ਅਗਵਾਈ ਵਿੱਚ ਦਿੱਲੀ ਲਿਆਂਦੇ ਗਏ। ੨੯ ਫਰਵਰੀ ੧੭੧੬ ਨੂੰ ਇਨ੍ਹਾਂ ਕੈਦੀਆਂ ਅਤੇ ਮਿਰਤਕਾਂ ਦੇ ਸਿਰਾਂ ਦਾ ਜਲੂਸ ਬੈਂਡ ਬਾਜੇ ਸਹਿਤ ਦਿੱਲੀ ਦੀਆਂ ਗਲੀਆਂ ਚੋਂ ਲੰਘਾ ਕੇ ਲਾਲ ਕਿਲੇ ਤੱੱੱੱੱੱਕ ਲੈ ਜਾਇਆ ਗਿਆ। ਅਗਲੇ ਚਾਰ ਦਿਨਾਂ ਵਿੱਚ ਜਦੋਂ ਇੱਕ ਵੀ ਸਿੱਖ ਨੇ ਮੁਸਲਮਾਨ ਬਣ ਕੇ ਜਾਨ ਬਖਸ਼ੀ ਕਰਾਉਣ ਦੀ ਗੱਲ ਨਾਂ ਮੰਨੀ ਤਾਂ ੧੫ ਮਾਰਚ ੧੭੧੬ ਨੂੰ ਹੁਕਮ ਜਾਰੀ ਹੋਇਆ ਕਿ ਬੰਦਾ ਸਿੰਘ ਅਤੇ ਉਸਦੇ ੧੭ ਨਿਕਟਵਰਤੀ ਸਾਥੀਆਂ ਨੂੰ ਛੱਡ ਕੇ ਬਾਕੀਆਂ ਨੂੰ ਹਰ ਰੋਜ਼ ਸੌ ਦੇ ਹਿਸਾਬ ਨਾਲ ਕਤਲ ਕਰ ਦਿੱਤਾ ਜਾਏ। ਉਪਰੰਤ ਬੰਦਾ ਸਿੰਘ ਅਤੇ ਉਸਦੇ ਬਾਕੀ ਸਾਥੀਆਂ ਨੂੰ ਤਿੰਨ ਮਹੀਨੇ ਖੂਬ ਤਸੀਹੇ ਦਿੱਤੇ ਗਏ, ਤੇ ਆਖਰ ੯ ਜੂਨ ੧੭੧੬ ਨੂੰ ਪਹਿਲਾਂ ਬੰਦਾ ਸਿੰਘ ਦੇ ਪੁਤਰ ਨੂੰ ਉਸਦੇ ਸਾਹਮਣੇ ਬੜੇ ਹੀ ਘਿਨੌਣੇ ਤਰੀਕੇ ਨਾਲ ਕਤਲ ਕਰ ਦਿੱਤਾ ਗਿਆ, ਤੇ ਫਿਰ ਬੰਦਾ ਸਿੰਘ ਨੂੰ ਵੀ। ਅਗਲੇ ਦਿਨ ੧੦ ਜੂਨ ਨੂੰ ਬਾਕੀ ਦੇ ਸਾਥੀ ਵੀ ਕਤਲ ਕਰ ਦਿੱਤੇ ਗਏ।
ਯਾਦ ਰਹੇ ਕਿ ਬੰਦਾ ਸਿੰਘ ਨੇ ਰਾਜਿਆਂ ਮਹਾਰਾਜਿਆਂ ਵਾਂਗ ਕਦੇ ਗੱਦੀ ਨਹੀਂ ਸੀ ਲਾਈ ਤੇ ਨਾ ਕਦੀ ਖੁਦ ਨੂੰ ਹਾਕਮ ਜਾਂ ਗੁਰੂ ਅਖਵਾਇਆ ਸੀ। ਇੱਕ ਦੋ ਮੁਸਲਮਾਨ ਅਤੇ ਅੰਗਰੇਜ਼ ਲਿਖਤਾਂ ਵਿੱਚ ਕਿਸੇ ਗਲਤ ਫਹਿਮੀ ਵਸ ਐਸਾ ਕਰਨ ਦੀ ਅਭੋਲ ਗੁਸਤਾਖੀ ਕੀਤੀ ਜਾਣ ਕਰਕੇ ਇਹ ਗਲਤੀ ਦੁਹਰਾਈ ਗਈ ਜਾਪਦੀ ਹੈ। ਇਸ ਵਿੱਚ ਸ਼ੱਕ ਨਹੀਂ ਕਿ ਬੰਦਾ ਸਿੰਘ ਨੇ ਨੀਵੀਆਂ ਕਿਸਾਨ ਤੇ ਮਜਦੂਰ ਜਾਤੀਆਂ ਚੋਂ ਸਜੇ ਸਿੱਖਾਂ ਨੂੰ ਨਵੀਆਂ ਸਰਦਾਰੀਆਂ ਬਖਸ਼ੀਆਂ। ਸਿੱਖ ਕੌਮ ਲਈ ਨਵੀਂ ਕਿਸਮ ਦੀ ਹਕੂਮਤ ਦਾ ਮੁੱਢ ਬੰਨਦੇ ਹੋਏ ਇੱਕ ਨਵੀਂ ਸ਼ਾਹੀ ਮੋਹਰ ਤੇ ਨਵਾਂ ਸਿੱਕਾ ਜਾਰੀ ਕੀਤਾ । ਅਸਲ ਵਿੱਚ ਸਦੀਆਂ ਤੋਂ ਚਲੇ ਆ ਰਹੇ ਮੁਗਲ ਰਾਜ ਅਤੇ ਜਗੀਰਦਾਰੀ ਸਿਸਟਮ ਦੀ ਗੁਲਾਮੀ ਝੱਲ ਰਹੇ ਨੀਵੇਂ ਨਿਤਾਣੇ ਪੰਜਾਬੀਆਂ ਦੀ ਸੋਚ ਵਿੱਚ ਗੁਰੁ ਗੋਬਿੰਦ ਸਿੰਘ ਜੀ ਦੀ ਬਖਸ਼ੀ ਕਰਾਮਾਤੀ ਤਬਦੀਲੀ ਨੂੰ ਹਵਾ ਦਿੰਦੇ ਹੋਏ ਐਸੇ ਇਨਕਲਾਬ ਦੇ ਰਾਹ ਪਾਇਆ ਜਿਸ ਨਾਲ ਜਮੀਨਾਂ ਤੇ ਕੰਮ ਕਰਨ ਵਾਲੇ ਕਾਮੇਂ ਜਾਂ ਮੁਜ਼ਾਰੇ ਉਨ੍ਹਾਂ ਦੇ ਮਾਲਕ ਬਣ ਬੈਠੇ। ਨਿਰਸੰਦੇਹ ਪੰਜਾਬ ਵਿੱਚ ਅੱਗੋਂ ਪੈਦਾ ਹੋਣ ਵਾਲੀਆਂ ਸਿੱਖ ਮਿਸਲਾਂ ਦੀ ਚੜ੍ਹਤ ਅਤੇ ਫਿਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਬੀਜ ਸਿੱਖ ਇਤਿਹਾਸ ਵਿੱਚ ਬੰਦਾ ਸਿੰਘ ਦੀ ਆਮਦ ਨਾਲ ਹੀ ਬੀਜਿਆਂ ਗਿਆ ਸੀ।

ਬੰਦਾ ਸਿੰਘ ਬਹਾਦਰ ਦੇ ਪੰਜਾਬ ਵਿੱਚ ਦਾਖਲ ਹੋਣ ਅਤੇ ਮੁਢਲੇ ਹਮਲਿਆਂ ਤੋਂ ਲੈ ਕੇ ਉਸ ਦੇ ਕਤਲ ਕੀਤੇ ਜਾਣ ਤੱਕ ਦੇ ਹਾਲਾਤ ਜੋ ਉਸੇ ਸਮੇਂ ਲਿਖੇ ਗਏ ਉਹ ਕੇਵਲ ਗੈਰ ਸਿੱਖ ਕਿਰਤਾਂ ਵਿੱਚ ਹੀ ਮਿਲਦੇ ਹਨ, ਜਿਵੇਂ ਕਿ:-
੧. ਅਖਬਾਰ ਤੇ ਦਰਬਾਰੇ ਮੁਅੱਲਾ  --- ਦਿੱਲੀ ਦਰਬਾਰ ਦਾ ਅਖਬਾਰ
੨. ਤਜ਼ਕਿ-ਸਤ-ਸਲਾਤੀਨ  --- ਕਾਮਵਰ ਖਾਨ
੩. ਫਰਖਸੀਅਰ ਨਾਮਾ   --- ਮੁਹੰਮਦ ਅਹਿਸਾਨ ਈਜਾਦ
੪. ਮੁੰਤਖ਼ਬਲ ਲੁਬਾਬ   --- ਖ਼ਾਫੀ ਖਾਨ
੫. ਇਬਰਤ ਨਾਮਾ, ਤਾਰੀਕ ਮੁਹੰਮਦੀ --- ਮਿਰਜ਼ਾ ਮਹੰਮਦ ਹਾਰਸੀ
ਇਸੇ ਸਬੰਧ ਵਿੱਚ ਅੰਗਰੇਜ਼ ਲੇਖਕਾਂ ਦੀਆਂ ਕਿਰਤਾਂ ਦਾ ਜ਼ਿਕਰ ਡਾ. ਗੰਡਾ ਸਿੰਘ ਦੀ ਪੁਸਤਕ ਓaਰਲੇ ਓੁਰੋਪeaਨ ਅਚਚੁਨਟ ੋਡ ਸ਼ਕਿਹਸ ਵਿੱਚ ਵੀ ਮਿਲ ਜਾਂਦਾ ਹੈ। ਸਿੱਖ ਲੇਖਕਾਂ ਜਿਵੇਂ ਕਿ ਸੰਤੋਖ ਸਿੰਘ ਕਵੀ, ਰਤਨ ਸਿੰਘ ਭੰਗੂ, ਗਿਆਨੀ ਗਿਆਨ ਸਿੰਘ ਆਦਿ ਦੀਆਂ ਕਿਰਤਾਂ ਕਾਫੀ ਬਾਅਦ ਵਿੱਚ ਆਈਆਂ। ਭਾਵੇਂ ਇਨ੍ਹਾਂ ਲੇਖਕਾਂ ਦਾ ਸਿੱਖ ਇਤਿਹਾਸ ਵਿੱਚ ਬੜਾ ਵਡਮੁੱਲਾ ਯੋਗਦਾਨ ਹੈ, ਪ੍ਰੰਤੂ ਸੱਚ ਤੱਥ ਪੱਖੋਂ ਕੁੱਝ ਕਮਜ਼ੋਰੀਆਂ ਜ਼ਰੂਰ ਸਾਹਮਣੇ ਆਈਆਂ, ਜਿਨ੍ਹਾਂ ਦਾ ਜ਼ਿਕਰ ਕਰਦਿਆਂ ਵੀਹਵੀਂ ਸਦੀ ਦੇ ਪ੍ਰਸਿੱਧ ਇਤਿਹਾਸਿਕ ਖੋਜੀ ਕਰਮ ਸਿੰਘ ਹਿਸਟੋਰੀਅਨ ਨੇ ਸੋਧਣ ਦੀ ਕੋਸ਼ਿਸ਼ ਕੀਤੀ ਸੀ।   

 


Copyright © 2013 Sikh Missionary Society (U.K.)
All Rights Reserved.
All content is the property of the Sikh Missionary Society(U.K.) and may not be reproduced without permission.